ਖੁਸ਼ਖਬਰੀ : ਹੁਣ ਪੰਜਾਬ ਤੋਂ ਸਿੱਧੀਆਂ ਜਾਣਗੀਆਂ ਟੋਰਾਂਟੋ ਅਤੇ ਨਿਊਯਾਰਕ ਨੂੰ ਉਡਾਣਾਂ

0
197

ਅੰਮ੍ਰਿਤਸਰ| ਕੈਨੇਡਾ ਅਤੇ ਅਮਰੀਕਾ ਵਿੱਚ ਵੱਡੀ ਗਿਣਤੀ ਵਿਚ ਪੰਜਾਬੀ ਵਸਦੇ ਹਨ। ਇਹਨਾਂ ਪੰਜਾਬੀ ਪ੍ਰਵਾਸੀਆਂ ਨੂੰ ਪੰਜਾਬ ਆਉਣ ਲਈ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਹੁਣ ਪੰਜਾਬੀ ਪ੍ਰਵਾਸੀਆਂ ਲਈ ਰਾਹਤ ਦੀ ਖਬਰ ਆਈ ਹੈ। ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਤੱਕ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਹੀਂ ਜੋੜਨ ਜਾ ਰਹੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਓਸ ਏਅਰ ਦੁਆਰਾ ਟੋਰਾਂਟੋ ਨਾਲ ਜੋੜੇ ਜਾਣ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮਦੀਪ ਸਿੰਘ ਗੁਮਟਾਲਾ ਨੇ ਦੱਸਿਆ, ਨਿਓਸ ਏਅਰ ਨੇ ਦਸੰਬਰ 2022 ਵਿੱਚ ਮਿਲਾਨ ਮਾਲਪੈਂਸਾ ਅਤੇ ਅੰਮ੍ਰਿਤਸਰ ਵਿਚਕਾਰ ਨਿਰਧਾਰਤ ਉਡਾਣਾਂ ਸ਼ੁਰੂ ਕੀਤੀਆਂ ਸਨ। ਏਅਰਲਾਈਨ ਨੇ ਕੋਵਿਡ ਦੌਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ। ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਬਰਗਾਮੋ ਅਤੇ ਰੋਮ ਏਅਰਪੋਰਟ ਤੱਕ ਸਪਾਈਸਜੈੱਟ ਨੇ ਵੀ ਚਾਰਟਰ ਉਡਾਣਾਂ ਦੇ ਸੰਚਾਲਨ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਨਿਰਧਾਰਤ ਉਡਾਣਾਂ ਸ਼ੁਰੂ ਕੀਤੀਆਂ ਸਨ। ਇਹਨਾਂ ਦੇ ਸੰਚਾਲਨ ਨਾਲ ਅੰਮ੍ਰਿਤਸਰ ਹੁਣ ਇਟਲੀ ਦੇ 3 ਹਵਾਈ ਅੱਡਿਆਂ ਨਾਲ ਜੁੜਿਆ ਹੈ।

ਨਿਓਸ ਦੁਆਰਾ ਆਪਣੀ ਵੈਬਸਾਈਟ ‘ਤੇ ਉਪਲਬਧ ਸਮਾਂ ਸੂਚੀ ਅਨੁਸਾਰ, ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫਤੇ ਵਿੱਚ ਇੱਕ ਦਿਨ ਉਡਾਣ ਦਾ ਸੰਚਾਲਨ ਕਰੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਭਗ 4 ਘੰਟੇ 10 ਮਿੰਟ ਰੁਕਣਗੇ, ਫਿਰ ਉਡਾਣ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ।