ਰੱਬ ਹੀ ਰਾਖਾ! ਪੱਥਰੀ ਦੀ ਥਾਂ ਡਾਕਟਰ ਨੇ ਕੱਢ ਦਿੱਤੀ ਕਿਡਨੀ, 4 ਮਹੀਨੇ ਬਾਅਦ ਮਰੀਜ਼ ਦੀ ਹੋਈ ਮੌਤ, ਹਸਪਤਾਲ ਨੂੰ ਲੱਗਾ 11.23 ਲੱਖ ਜੁਰਮਾਨਾ

0
2155

ਅਹਿਮਦਾਬਾਦ | ਗੁਜਰਾਤ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਇਕ ਮਰੀਜ਼ ਦਾ ਗਲਤ ਤਰੀਕੇ ਨਾਲ ਇਲਾਜ ਕਰਨ ‘ਤੇ ਹਸਪਤਾਲ ਨੂੰ ਜੁਰਮਾਨਾ ਲਾਇਆ ਹੈ।

ਮਰੀਜ਼ ਨੂੰ ਕਿਡਨੀ ਦੀ ਪੱਥਰੀ ਦੇ ਆਪ੍ਰੇਸ਼ਨ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਹਸਪਤਾਲ ‘ਚ ਡਾਕਟਰ ਨੇ ਉਸ ਦੀ ਕਿਡਨੀ ਕੱਢ ਦਿੱਤੀ, ਜਿਸ ਤੋਂ 4 ਮਹੀਨੇ ਬਾਅਦ ਮਰੀਜ਼ ਦੀ ਮੌਤ ਹੋ ਗਈ।

ਕਮਿਸ਼ਨ ਨੇ ਹਸਪਤਾਲ ਨੂੰ ਮਰੀਜ਼ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 11.23 ਲੱਖ ਅਦਾ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਹਸਪਤਾਲ ਦੀ ਆਪਣੇ ਡਾਕਟਰ ਦੀ ਲਾਪ੍ਰਵਾਹੀ ਲਈ ਸਿੱਧੀ ਜਾਂ ਅਸਿੱਧੀ ਜ਼ਿੰਮੇਵਾਰੀ ਹੈ।

ਅਦਾਲਤ ਨੇ ਪਾਇਆ ਕਿ ਡਾਕਟਰ ਇਸ ਗਲਤੀ ਲਈ ਜ਼ਿੰਮੇਵਾਰ ਹੈ। ਖਪਤਕਾਰ ਅਦਾਲਤ ਨੇ ਹਸਪਤਾਲ ਨੂੰ 2012 ਤੋਂ 7.5 ਫੀਸਦੀ ਵਿਆਜ ਦੇ ਨਾਲ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ।

ਗੁਜਰਾਤ ਤੋਂ ਸਾਹਮਣੇ ਆਏ ਇਸ ਮਾਮਲੇ ‘ਚ ਖੇੜਾ ਜ਼ਿਲ੍ਹੇ ਦੇ ਵੰਘਰੋਲੀ ਪਿੰਡ ਦੇ ਦੇਵੇਂਦਰਭਾਈ ਰਾਵਲ ਪਿੱਠ ਦਰਦ ਤੇ ਪਿਸ਼ਾਬ ਦੀ ਸਮੱਸਿਆ ਕਾਰਨ ਬਾਲਾਸਿਨੌਰ ਕਸਬੇ ਦੇ ਕੇਐੱਮਜੀ ਜਨਰਲ ਹਸਪਤਾਲ ਦੇ ਡਾ. ਸ਼ਿਵਭੂਏ ਪਟੇਲ ਨੂੰ ਮਿਲੇ ਸਨ।

ਮਈ 2011 ‘ਚ ਉਨ੍ਹਾਂ ਦੇ ਖੱਬੇ ਗੁਰਦੇ ‘ਚ 14 ਮਿਲੀਮੀਟਰ ਦੀ ਪੱਥਰੀ ਪਾਈ ਗਈ ਸੀ। ਬਿਹਤਰ ਸਹੂਲਤਾਂ ਲਈ ਰਾਵਲ ਨੂੰ ਕਿਸੇ ਹੋਰ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਉਸੇ ਹਸਪਤਾਲ ‘ਚ ਸਰਜਰੀ ਕਰਵਾਉਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਦਾ 3 ਸਤੰਬਰ 2011 ਨੂੰ ਆਪ੍ਰੇਸ਼ਨ ਕੀਤਾ ਗਿਆ ਸੀ। ਆਪ੍ਰੇਸ਼ਨ ਤੋਂ ਬਾਅਦ ਜਦੋਂ ਡਾਕਟਰ ਨੇ ਕਿਹਾ ਕਿ ਪੱਥਰੀ ਦੀ ਬਜਾਏ ਕਿਡਨੀ ਕੱਢ ਦਿੱਤੀ ਹੈ ਤਾਂ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ। ਡਾਕਟਰ ਨੇ ਕਿਹਾ ਕਿ ਇਹ ਮਰੀਜ਼ ਦੇ ਭਲੇ ਲਈ ਕੀਤਾ ਗਿਆ ਹੈ।

ਹਾਲਤ ਵਿਗੜਨ ‘ਤੇ ਮਰੀਜ਼ ਨੂੰ ਅਹਿਮਦਾਬਾਦ ‘ਚ ਆਈਕੇਡੀਆਰਸੀ ਲਿਜਾਇਆ ਗਿਆ, ਜਿਥੇ ਉਸ ਨੇ 8 ਜਨਵਰੀ 2012 ਨੂੰ ਦਮ ਤੋੜ ਦਿੱਤਾ।