ਨਵੀਂ ਦਿੱਲੀ | ਵਿਦੇਸ਼ ਜਾਣ ਵਾਸਤੇ ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਹੁਣ ਤੁਹਾਨੂੰ ਪਾਸਪੋਰਟ ਬਣਵਾਉਣ ਦੀ ਬਿਲਕੁਲ ਚਿੰਤਾ ਨਹੀਂ ਕਰਨੀ ਪਏਗੀ। ਡਾਕਘਰ (Post Office) ਨੇ ਤੁਹਾਡੇ ਲਈ ਇਕ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਹੈ, ਜਿਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਪਾਸਪੋਰਟ ਬਣਵਾ ਸਕਦੇ ਹੋ।
ਹੁਣ ਤੁਸੀਂ ਡਾਕਘਰ ਤੋਂ ਹੀ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ। ਇਸ ਲਈ ਤੁਹਾਨੂੰ ਡਾਕਘਰ ਦੇ ਕਾਮਨ ਸਰਵਿਸ ਸੈਂਟਰ (CSC) ਕਾਊਂਟਰ ਉਤੇ ਜਾਣਾ ਹੋਵੇਗਾ ਤੇ ਰਜਿਸਟਰੇਸ਼ਨ ਕਰਵਾ ਕੇ ਅਪਲਾਈ ਕਰਨਾ ਪਏਗਾ। ਇੰਡੀਆ ਪੋਸਟ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਡਾਕਘਰ ਨੇ ਇਕ ਟਵੀਟ ਵਿੱਚ ਲਿਖਿਆ ਹੈ, “ਹੁਣ ਤੁਹਾਡੇ ਨੇੜਲੇ ਡਾਕਘਰ ਦੇ ਸੀਐੱਸਸੀ ਕਾਊਂਟਰ ਉਤੇ ਪਾਸਪੋਰਟ ਲਈ ਰਜਿਸਟਰੇਸ਼ਨ ਕਰਵਾਉਣ ਅਤੇ ਅਪਲਾਈ ਕਰਨਾ ਸੌਖਾ ਹੋ ਗਿਆ ਹੈ। ਵਧੇਰੇ ਜਾਣਕਾਰੀ ਲਈ ਨਜ਼ਦੀਕੀ ਡਾਕਘਰ ਉਤੇ ਜਾਓ #AapkaDostIndiaPost”
ਪਾਸਪੋਰਟ ਇੰਡੀਆ ਵੈੱਬਸਾਈਟ (Passportindia.gov.in) ਅਨੁਸਾਰ, “ਪਾਸਪੋਰਟ ਸੇਵਾ ਕੇਂਦਰ ਅਤੇ ਡਾਕਘਰ ਪਾਸਪੋਰਟ ਸੇਵਾ ਕੇਂਦਰ ਪਾਸਪੋਰਟ ਦਫਤਰਾਂ ਦੀਆਂ ਵਿਸਥਾਰਿਤ ਸ਼ਾਖਾਵਾਂ ਹਨ ਅਤੇ ਪਾਸਪੋਰਟ ਜਾਰੀ ਕਰਨ ਨਾਲ ਸਬੰਧਤ ਫਰੰਟ-ਐਂਡ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਕੇਂਦਰ ਟੋਕਨ ਜਾਰੀ ਕਰਨ ਤੋਂ ਲੈ ਕੇ ਪਾਸਪੋਰਟ ਜਾਰੀ ਕਰਨ ਲਈ ਅਰਜ਼ੀ ਦੇਣ ਦੀ ਕਾਰਜਕੁਸ਼ਲਤਾ ਨੂੰ ਕਵਰ ਕਰਦੇ ਹਨ।”
ਆਨਲਾਈਨ ਅਰਜ਼ੀ ਤੋਂ ਬਾਅਦ ਕੀ ਕਰਨਾ ਹੈ?
ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਨੇ ਪਾਸਪੋਰਟ ਲਈ ਰਜਿਸਟ੍ਰੇਸ਼ਨ ਅਤੇ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਲੋਕ ਨੂੰ ਪਾਸਪੋਰਟ ਸੇਵਾ ਕੇਂਦਰ ‘ਤੇ ਆਨਲਾਈਨ ਬਿਨੈ ਪੱਤਰ ਜਮ੍ਹਾ ਹੋਣ ਤੋਂ ਬਾਅਦ ਐਪਲੀਕੇਸ਼ਨ ਪ੍ਰਿੰਟ ਰਸੀਦ ਅਤੇ ਅਸਲ ਦਸਤਾਵੇਜ਼ਾਂ ਦੇ ਨਾਲ ਪੇਸ਼ ਹੋਣਾ ਲਾਜ਼ਮੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਨੇ ਪਾਸਪੋਰਟ ਲਈ ਆਨਲਾਈਨ ਰਜਿਸਟਰੇਸ਼ਨ ਅਤੇ ਅਪਲਾਈ ਕੀਤਾ ਹੈ, ਉਹ ਐਪਲੀਕੇਸ਼ਨ ਪ੍ਰਿੰਟ ਰਸੀਦ ਅਤੇ ਅਸਲ ਦਸਤਾਵੇਜ਼ਾਂ ਨਾਲ ਨੇੜਲੇ ਡਾਕਘਰ ‘ਤੇ ਮੌਜੂਦ ਪਾਸਪੋਰਟ ਸੇਵਾ ਕੇਂਦਰ ਵਿਖੇ ਜਾ ਕੇ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।
ਪਾਸਪੋਰਟ ਬਣਵਾਉਣ ਲਈ ਤੁਹਾਨੂੰ ਆਪਣਾ ਜਨਮ ਸਰਟੀਫਿਕੇਟ, 10ਵੀਂ ਦੀ ਮਾਰਕਸ਼ੀਟ, ਚੋਣ ਕਾਰਡ, ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਦੇ ਨਾਲ ਆਪਣੇ ਨਜ਼ਦੀਕੀ ਡਾਕਘਰ ਵਿਚ ਜਾਣਾ ਪਏਗਾ।