ਪਟਿਆਲਾ। ਪੰਜਾਬ ਦੀ ਹਾਈ ਪ੍ਰੋਫਾਈਲ ਪਟਿਆਲਾ ਸੈਂਟਰਲ ਜੇਲ੍ਹ ਵਿਚ ਮਾਮੂਲੀ ਗੱਲ ਨੂੰ ਲੈ ਕੇ ਦੋ ਗੁੱਟ ਆਪਸ ਵਿਚ ਭਿੜ ਗਏ। ਇਸ ਦੌਰਾਨ ਦੋਵਾਂ ਗਰੁੱਪਾਂ ਵਲੋਂ ਇਕ ਦੂਜੇ ਉਤੇ ਲੋਹੇ ਦੇ ਸਰੀਏ, ਲੋਹੇ ਦੀਆਂ ਪਾਈਪਾਂ ਤੇ ਤਿੱਖੇ ਚਮਚਿਆਂ ਨਾਲ ਵਾਰ ਕੀਤੇ ਗਏ ਤੇ ਇੱਟਾਂ ਪੱਥਰ ਵੀ ਵਰਸਾਏ ਗਏ। ਇਸ ਦੌਰਾਨ ਦੋ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉਤੇ ਥਾਣਾ ਤ੍ਰਿਪੜੀ ਪੁਲਿਸ ਨੇ ਮਾਮਲੇ ਉਤੇ ਕਾਰਵਾਈ ਕਰਦੇ ਹੋਏ 10 ਕੈਦੀਆਂ ਤੇ ਹਵਾਲਾਤੀਆਂ ਖਿਲਾਫ ਕਤਲ ਦੀ ਕੋਸ਼ਿਸ਼, ਲੜਾਈ-ਝਗੜਾ, ਕੁੱਟਮਾਰ, ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਕਰਾਸ ਪਰਚਾ ਦਰਜ ਕਰ ਲਿਆ ਹੈ।
ਇਸ ਗੱਲ ਉਤੇ ਵਧਿਆ ਵਿਵਾਦ
ਜਾਣਕਾਰੀ ਮੁਤਾਬਿਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਵਾਲਾਤੀ ਜਰਮਨਜੀਤ ਸਿੰਘ ਵਾਸੀ ਪਿੰਡ ਰਾਮਪੁਰਾ ਭੂਤ ਤਰਨਤਾਰਨ ਆਪਣੇ ਗੁੱਟ ਦੇ ਇਕ ਸਾਥੀ ਨਾਲ ਚੱਕੀ ਵਾਲੇ ਪਾਸੇ ਜਾ ਰਿਹਾ ਸੀ। ਉਥੇ ਹੀ ਅੱਗੇ ਕਤਲ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਹਵਾਲਾਤੀ ਜਤਿੰਦਰਪਾਲ ਸਿੰਘ ਵਾਸੀ ਪਿੰਡ ਖਾਂਸੀਆਂ ਜ਼ਿਲ੍ਹਾ ਪਟਿਆਲਾ ਖੜ੍ਹਾ ਸੀ। ਪੁਲਿਸ ਮੁਤਾਬਿਕ ਗੈਂਗਸਟਰ ਜਤਿੰਦਰਪਾਲ ਸਿੰਘ ਨੂੰ ਦੇਖਦੇ ਹੀ ਹਵਾਲਾਤੀ ਜਰਮਨਜੀਤ ਸਿੰਘ ਨੇ ਆਪਣੇ ਸਾਥੀ ਨੂੰ ਕਿਹਾ ਕਿ ਇਹ ਪਤਾ ਲੱਗਾ ਕਿ ਇਹ ਚੱਲਿਆ ਹੋਇਆ ਕਾਰਤੂਸ ਹੈ, ਜਿਸ ਉਤੇ ਉਨ੍ਹਾਂ ਦਾ ਸਾਥੀ ਹੱਸ ਪਿਆ।
ਇਹ ਸੁਣਦੇ ਹੀ ਗੈਂਗਸਟਰ ਜਤਿੰਦਰਪਾਲ ਭੜਕ ਗਿਆ ਤੇ ਉਸਨੇ ਆਪਣੇ ਆਵਾਜ਼ ਲਗਾ ਕੇ ਆਪਣੇ ਗੁੱਟ ਦੇ ਹਵਾਲਾਤੀ ਪਵਨ ਕੁਮਾਰ ਵਾਸੀ ਭਾਦਸੋਂ ਨੂੰ ਬੁਲਾ ਲਿਆ। ਪਵਨ ਕੁਮਾਰ ਨੇ ਆਉਂਦੇ ਹੀ ਆਪਣੇ ਹੱਥ ਵਿਚ ਫੜੀ ਲੋਹੇ ਦੀ ਪਾਈਪ ਨਾਲ ਹਵਾਲਾਤੀ ਜਰਮਨਜੀਤ ਸਿੰਘ ਦੇ ਸਿਰ ਉਤੇ ਵਾਰ ਕੀਤਾ। ਇਸੇ ਵਿਚਾਲੇ ਜਤਿੰਦਰਪਾਲ ਨੇ ਇਕ ਲੋਹੇ ਦਾ ਸਰੀਆ ਚੁੱਕ ਕੇ ਸਿਰ ਉਤੇ ਵਾਰ ਕੀਤਾ। ਇਸੇ ਵਿਚਾਲੇ ਜਤਿੰਦਰਪਾਲ ਨੇ ਇਕ ਲੋਹੇ ਦਾ ਸਰੀਆ ਚੁੱਕ ਕੇ ਜਰਮਨਜੀਤ ਸਿੰਘ ਦੀ ਲੱਤ ਉਤੇ ਵਾਰ ਮਾਰਿਆ ਤੇ ਸਾਥੀ ਲਖਬੀਰ ਸਿੰਘ ਨੇ ਤਿੱਖੇ ਕੀਤੇ ਗਏ ਚਮਚ ਦਾ ਵਾਰ ਕੀਤਾ। ਆਪਣਾ ਬਚਾਅ ਕਰਦੇ ਹੋਏ ਹਵਾਲਾਤੀ ਜਰਮਨਜੀਤ ਸਿੰਘ ਦੀ ਉਂਗਲੀ ਵੀ ਵੱਢੀ ਗਈ। ਆਰੋਪੀ ਰਾਮਪਾਲ ਨੇ ਜਰਮਨਜੀਤ ਸਿੰਘ ਉਤੇ ਤਵਾ ਚੁੱਕ ਕੇ ਮਾਰਿਆ ਤੇ ਉਸਦੇ ਨਾਲ ਕੁੱਟਮਾਰ ਵੀ ਕੀਤੀ। ਉਥੇ ਹੀ ਜਰਮਨਜੀਤ ਸਿੰਘ ਦੇ ਗੈਂਗ ਦੇ ਸਾਥੀਆਂ ਨੇ ਵੀ ਜਤਿੰਦਰਪਾਲ ਸਿੰਘ ਤੇ ਉਸਦੇ ਸਾਥੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਮਾਮਲੇ ਦੀ ਜਾਂਚ ਅਧਿਕਾਰੀ ਥਾਣਾ ਤ੍ਰਿਪੜੀ ਤੋਂ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਮਲੇ ਵਿਚ ਗੈਂਗਸਟਰ ਜਤਿੰਦਰਪਾਲ ਸਿੰਘ ਤੇ ਹਵਾਲਾਤੀ ਜਰਮਨਜੀਤ ਸਿੰਘ ਦੇ ਸਿਰ ਤੇ ਲੱਤਾਂ ਉਤੇ ਕਾਫੀਆਂ ਸੱਟਾਂ ਲੱਗੀਆਂ ਹਨ। ਦੋਵੇਂ ਰਾਜਿੰਦਰ ਹਸਪਤਾਲ ਵਿਚ ਦਾਖਲ ਹੈ। ਪੁਲਿਸ ਨੇ ਗੈਂਗਸਟਰ ਹਵਾਲਾਤੀ ਜਤਿੰਦਰਪਾਲ ਸਿੰਘ ਵਾਸੀ ਪਿੰਡ ਖਾਂਸੀਆ (ਪਟਿਆਲਾ) ਤੇ ਉਸਦੇ ਗੈਂਗ ਦੇ ਸਾਥੀਆਂ ਹਵਾਲਾਤੀ ਪਵਨ ਕੁਮਾਰ, ਹਵਾਲਾਤੀ ਰਾਮਪਾਲ ਵਾਸੀ ਲਲਹੋਟੀ ਖਾਨਪੁਰ ਖੁਲ ਜ਼ਿਲ੍ਹਾ ਰੋਪੜ, ਕੈਦੀ ਲਖਵਿੰਦਰ ਸਿੰਘ ਵਾਸੀ ਕੁਰਾਲੀ ਤੇ ਹਵਾਲਾਤੀ ਜਰਮਨਜੀਤ ਸਿੰਘ ਤੇ ਇਸਦੇ ਗੈਂਗ ਦੇ ਸਾਥੀਆਂ ਜਗਦੀਸ਼ ਸਿੰਘ ਵਾਸੀ ਸ਼ਾਦੀਪੁਰ ਸਮਾਨਾ, ਕਰਮ ਸਿੰਘ ਵਾਸੀ ਤਖਤਗੜ੍ਹ ਜ਼ਿਲ੍ਹਾ ਰੋਪੜ, ਅਸ਼ੋਕ ਕੁਮਾਰ ਵਾਸੀ ਗੜਬਾਗ ਬਲਜੀਤ ਸਿੰਘ ਨੂਰਪੁਰ ਬੇਦੀ ਰੋਪੜ, ਸੂਰਤ ਸਿੰਘ ਮੂੰਹਤਮੰਗਾ ਜ਼ਿਲ੍ਹਾ ਫਾਜ਼ਿਲਕਾ ਦੇ ਖਿਲਾਫ ਕਰਾਸ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਮਾਮਲੇ ਵਿਚ ਜਾਂਚ ਜਾਰੀ ਹੈ। ਜਿਸਦੇ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।