ਗੈਂਗਸਟਰ ਟੀਨੂੰ ਫਰਾਰ ਕੇਸ : ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ‘ਤੇ ਪਹਿਲਾਂ ਵੀ ਲੱਗੇ ਸਨ ਭ੍ਰਿਸ਼ਟਾਚਾਰ ਦੇ ਦੋਸ਼, ਪੁਲਿਸ ਨੇ ਨਹੀਂ ਕੀਤੀ ਜਾਂਚ

0
271

ਚੰਡੀਗੜ੍ਹ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਉਤੇ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ। ਇਸ ਵਿਚ ਪੁਲਿਸ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਇੰਨਾ ਹੀ ਨਹੀਂ ਪੰਜਾਬ ਪੁਲਿਸ ਨੇ ਉਸਨੂੰ ਤਰੱਕੀ ਦੇ ਕੇ ਐੱਸਆਈ ਬਣਾ ਦਿੱਤਾ। ਜਿਸ ਸਮੇਂ ਪ੍ਰਿਤਪਾਲ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਉਦੋਂ ਉਹ ਭਗਵੰਤ ਮਾਨ ਦੇ ਆਪਣੇ ਹਲਕੇ ਦੇ ਧੂਰੀ ਵਿਚ ਏਐੱਸਆਈ ਸੀ।
ਧੂਰੀ ਭਾਵੇਂ ਹੀ ਸੰਗਰੂਰ ਵਿਚ ਪੈਂਦਾ ਹੈ ਪਰ ਉਸਨੇ ਬਰਨਾਲਾ ਨਾਲ ਸਬੰਧਤ ਇਕ ਅਗਵਾ ਦੇ ਮਾਮਲੇ ਵਿਚ ਪੀੜਤ ਪਰਿਵਾਰ ਤੋਂ ਹੀ ਢਾਈ ਲੱਖ ਰੁਪਏ ਲੈ ਲਏ ਸਨ। ਇਹ ਮਾਮਲਾ ਹਾਈਕੋਰਟ ਪੁੱਜਾ ਤਾਂ ਜੱਜ ਨੇ ਇਹ ਹੁਕਮ ਦਿੱਤਾ ਕਿ ਇਸਦੀ ਜਾਂਚ ਸਬੰਧਤ ਜ਼ਿਲ੍ਹੇ ਦੇ ਐੱਸਐੱਸਪੀ ਤੋਂ ਕਰਵਾਉਣ ਲਈ ਕਿਹਾ ਸੀ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਅਸਲ ਵਿਚ ਇਹ ਮਾਮਲਾ ਅਗਵਾ ਤੋਂ ਬਾਅਦ ਫਿਰੌਤੀ ਨਾਲ ਜੁੜਿਆ ਹੋਇਆ ਸੀ। ਬਰਨਾਲਾ ਦੇ ਦੋ ਭਰਾਵਾਂ ਗੁਰਤੇਜ ਸਿੰਘ ਤੇ ਗੁਰਸੇਵਕ ਸਿੰਘ ਨੂੰ ਕੁਝ ਲੋਕਾਂ ਨੇ ਅਗਵਾ ਕਰਕੇ 25 ਲੱਖ ਦੀ ਫਿਰੌਤੀ ਮੰਗੀ ਸੀ। ਪਰ ਪੀੜਤ ਪਰਿਵਾਰ 5-6 ਲੱਖ ਦਾ ਹੀ ਇੰਤਜ਼ਾਮ ਕਰ ਸਕਿਆ ਸੀ। ਪੀੜਤ ਪਰਿਵਾਰ ਦਾ ਇਕ ਮੈਂਬਰ ਦੱਸੀ ਥਾਂ ਉਤੇ ਪੈਸੇ ਲੈ ਕੇ ਗਿਆ। ਤਤਕਾਲੀਨ ਏਐਸਆਈ ਪ੍ਰਿਤਪਾਲ ਸਿੰਘ ਤੇ ਇਕ ਹੋਰ ਏਐੱਸਆਈ ਧਰਮਪਾਲ ਸਿੰਘ ਵੀ ਉਸਦੇ ਪਿੱਛੇ ਪਹੁੰਚ ਗਏ। ਦੋਵੇਂ ਪੁਲਿਸ ਵਾਲੇ ਪੀੜਤ ਪਰਿਵਾਰਕ ਮੈਂਬਰ ਨੂੰ ਥਾਣੇ ਲੈ ਆਏ ਤੇ ਦੋਵਾਂ ਨੇ ਪੀੜਤ ਪਰਿਵਾਰ ਤੋਂ ਢਾਈ-ਢਾਈ ਲੱਖ ਰੁਪਏ ਲੈ ਲਏ। ਜਦੋਂ ਮਾਮਲਾ ਹਾਈਕੋਰਟ ਪਹੁੰਚਿਆ ਤਾਂ ਦੋਵਾਂ ਨੇ ਪੈਸੇ ਵਾਪਸ ਕਰ ਦਿੱਤੇ। ਇਹ ਮਾਮਲਾ ਅਜੇ ਵੀ ਸੁਲ਼ਝਿਆ ਨਹੀਂ ਹੈ।