ਬਰਨਾਲਾ, 19 ਫਰਵਰੀ | ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲਾ ਦੀ ਕੱਲ ਪੁਲਿਸ ਮੁਕਾਬਲੇ ਵਿਚ ਮੌਤ ਤੋਂ ਬਾਅਦ ਅੱਜ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾਵੇਗਾ। ਸਰਕਾਰੀ ਹਸਪਤਾਲ ਵਿਚ ਵੱਡੀ ਗਿਣਤੀ ’ਤੇ ਪੁਲਿਸ ਤਾਇਨਾਤ ਹੈ। ਗੁਰਮੀਤ ਸਿੰਘ ਕਾਲਾ ਮਾਨ ਦੇ ਪਿਤਾ ਗੁਰਜੰਟ ਸਿੰਘ ਅਤੇ ਪਤਨੀ ਪਰਵਿੰਦਰ ਕੌਰ ਪਰਿਵਾਰ ਸਮੇਤ ਲਾਸ਼ ਲਿਜਾਣ ਲਈ ਪਹੁੰਚੇ।
ਦੱਸ ਦਈਏ ਕਿ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਕਾਲਾ ਧਨੌਲਾ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰਾਂ ਦੇ ਪੈਨਲ ਵੱਲੋਂ ਕਰਵਾਇਆ ਜਾਵੇਗਾ। ਇਸ ਦੌਰਾਨ ਪਰਿਵਾਰ ਤੋਂ ਇਲਾਵਾ ਪਿੰਡ ਵਾਲੇ ਅਤੇ ਰਿਸ਼ਤੇਦਾਰ ਪਹੁੰਚੇ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਹਸਪਤਾਲ ਪਹੁੰਚ ਕੇ ਪਰਿਵਾਰ ਨੇ ਹੰਗਾਮਾ ਕੀਤਾ। ਕਾਲਾ ਧਨੌਲਾ ਆਪਣੇ ਪਿੱਛੇ ਆਪਣੇ ਬਜ਼ੁਰਗ ਪਿਤਾ ਗੁਰਜੰਟ ਸਿੰਘ, ਬਜ਼ੁਰਗ ਮਾਤਾ ਬਲਜੀਤ ਕੌਰ ਅਤੇ ਪਤਨੀ ਪਰਵਿੰਦਰ ਕੌਰ ਸਮੇਤ 24 ਸਾਲ ਦੀ ਲੜਕੀ ਛੱਡ ਗਿਆ ਹੈ। ਲਾਸ਼ ਮਿਲਣ ਤੋਂ ਬਾਅਦ ਧਨੌਲਾ ਵਿਚ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।