ਜਲੰਧਰ, 4 ਨਵੰਬਰ | ਦਿਹਾਤ ਪੁਲਿਸ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਇੱਕ ਅਹਿਮ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਸ ਸਾਲ ਜਨਵਰੀ ‘ਚ ‘ਆਪ’ ਨੇਤਾ ਸੰਨੀ ਚੀਮਾ ਦਾ ਕਤਲ ਕਰਵਾਇਆ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ਼ ਜਗਦੀਪ ਥੋਲੂ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦੇ ਹੋਰ ਸਾਥੀ ਪਹਿਲਾਂ ਹੀ ਤਰਨਤਾਰਨ ਵਿਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਜਲੰਧਰ ਦਿਹਾਤ ਥਾਣਾ ਦੇ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਥਾਣਾ ਫਿਲੌਰ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਐਸਬੀਐਸ ਨਗਰ ਤੋਂ ਤਰਨਤਾਰਨ ਜਾਣ ਦੀ ਤਿਆਰੀ ਕਰ ਰਿਹਾ ਸੀ। ਜਦੋਂ ਫਿਲੌਰ ਥਾਣਾ ਇੰਚਾਰਜ ਸੁਖਦੇਵ ਸਿੰਘ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਮੁਲਜ਼ਮ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਕੋਲੋਂ ਇੱਕ ਕਾਰ ਵੀ ਬਰਾਮਦ ਹੋਈ ਹੈ। ਮੁਲਜ਼ਮ ਨੂੰ ਫਿਲੌਰ ਚੈੱਕ ਪੋਸਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 14 ਫਰਵਰੀ ਨੂੰ ਤਰਨਤਾਰਨ ਵਿਚ ਦਰਜ ਐਫਆਈਆਰ ਵਿਚ ਮੁਲਜ਼ਮ ਪਹਿਲਾਂ ਹੀ ਲੋੜੀਂਦਾ ਸੀ, ਜਿਸ ਵਿਚ ਪੁਲਿਸ ਨੇ ਮੁਲਜ਼ਮ ਨੂੰ ਆਈਪੀਸੀ ਦੀ ਧਾਰਾ 302 (ਕਤਲ), 34 (ਸਾਂਝੀ ਇਰਾਦਾ), 120-ਬੀ (ਅਪਰਾਧਿਕ ਸਾਜ਼ਿਸ਼) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਨਾਮਜ਼ਦ ਕੀਤਾ ਸੀ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)







































