ਗਾਖਲ ਬ੍ਰਦਰਜ਼ ਲੜਕੇ ਤੇ ਲੜਕੀਆਂ ਦੀਆਂ ਦੋਵੇਂ ਹਾਕੀ ਟੀਮਾਂ ਨੂੰ ਦੇਣਗੇ ਸਾਢੇ 5-5 ਲੱਖ ਰੁਪਏ

0
2948

ਜਲੰਧਰ | ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਆਪਣੀ ਦਾਦੀ ਸਵ. ਗੁਰਭਾਗ ਕੌਰ ਤੇ ਮਾਤਾ ਸਵ. ਗੁਰਦੇਵ ਕੌਰ ਦੀ ਯਾਦ ‘ਚ ਟੋਕੀਓ ਓਲੰਪਿਕ ਸ਼ੁਰੂ ਹੁੰਦਿਆਂ ਹੀ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦੀ ਹਾਕੀ ਟੀਮ ਓਲੰਪਿਕ ‘ਚ ਗੋਲਡ ਮੈਡਲ ਜਿੱਤਦੀ ਹੈ ਤਾਂ ਅਸੀਂ ਉਸ ਨੂੰ 11 ਲੱਖ ਰੁਪਏ ਦੇ ਕੇ ਸਨਮਾਨਿਤ ਕਰਾਂਗੇ, ਭਾਵੇਂ ਸਾਡੀਆਂ ਟੀਮਾਂ ਗੋਲਡ ਨਹੀਂ ਜਿੱਤ ਸਕੀਆਂ, ਫਿਰ ਵੀ ਸਾਡਾ ਪਰਿਵਾਰ ਖੇਡਾਂ ਤੇ ਖਿਡਾਰੀਆਂ ਨੂੰ ਬਹੁਤ ਪਿਆਰ ਕਰਦਾ ਹੈ।

ਅਮਰੀਕਾ ‘ਚ ਗਾਖਲ ਬ੍ਰਦਰਜ਼ ਦਾ ਟਰੱਕ ਟ੍ਰਾਂਸਪੋਰਟ ਦਾ ਕਾਰੋਬਾਰ ਹੈ ਅਤੇ ਉਥੇ ਇਨ੍ਹਾਂ ਦੇ ਹੋਟਲ ਵੀ ਹਨ। ਭਾਰਤ ਵਿੱਚ ਇਹ ਫਿਲਮ ਇੰਡਸਟਰੀ ਨਾਲ ਜੁੜੇ ਹਏ ਹਨ ਤੇ ਕਈ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਸਲਾਹ ਕੀਤੀ ਹੈ ਕਿ ਇਹ ਇਨਾਮ ਹੁਣ ਬ੍ਰੋਂਜ਼ ਮੈਡਲ ਜੇਤੂ ਲੜਕਿਆਂ ਦੀ ਹਾਕੀ ਟੀਮ ਅਤੇ ਚੌਥੇ ਸਥਾਨ ‘ਤੇ ਆਈ ਲੜਕੀਆਂ ਦੀ ਹਾਕੀ ਟੀਮ ਨੂੰ ਸਾਂਝੇ ਤੌਰ ‘ਤੇ ਸਾਢੇ 5-5- ਲੱਖ ਰੁਪਏ ਦੇ ਕੇ ਦੇਵਾਂਗੇ।

ਅੱਜ ਜਲੰਧਰ ਵਿਖੇ ਨੱਥਾ ਸਿੰਘ ਗਾਖਲ ਤੇ ਨਿਰਮਲ ਸਿੰਘ ਗਾਖਲ ਨੇ ਦੱਸਿਆ ਕਿ ਗਾਖਲ ਪਰਿਵਾਰ ਖੇਡਾਂ ਨੂੰ ਸਮੇਂ-ਸਮੇਂ ‘ਤੇ ਸਪਾਂਸਰ ਕਰਦਾ ਆ ਰਿਹਾ ਹੈ। ਹਾਕੀ ਖੇਡ ਦੀ ਤਰੱਕੀ ਲਈ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਕਰਵਾਏ ਜਾਂਦੇ ਸੁਰਜੀਤ ਹਾਕੀ ਕੱਪ ਦਾ ਹਰ ਸਾਲ ਪਹਿਲਾ ਇਨਾਮ 6 ਲੱਖ ਰੁਪਏ ਵੀ ਗਾਖਲ ਪਰਿਵਾਰ ਵੱਲੋਂ ਦਿੱਤਾ ਜਾਂਦਾ ਹੈ।

ਸੁਰਜੀਤ ਹਾਕੀ ਸੋਸਾਇਟੀ ਵੱਲੋਂ ਜੋ ਬੱਚਿਆਂ ਦਾ ਕੈਂਪ ਚੱਲ ਰਿਹਾ ਹੈ, ਉਸ ਨੂੰ ਵੀ ਗਾਖਲ ਭਰਾਵਾਂ ਨੇ ਸਪਾਂਸਰ ਕੀਤਾ। ਬੀਜਿੰਗ 2008 ਵਿੱਚ ਜੋ ਓਲੰਪਿਕਸ ਹੋਈਆਂ ਸਨ, ਉਸ ਵਿੱਚ ਸੋਨੇ ਦਾ ਤਮਗਾ ਜੇਤੂ ਅਭਿਨਵ ਬਿੰਦਰਾ ਦਾ ਵੀ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਨੇ 10 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਸੀ।

ਉਨ੍ਹਾਂ ਕਿਹਾ ਕਿ ਹਾਕੀ ਦੀਆਂ ਟੀਮਾਂ ਨੂੰ ਗਾਖਲ ਪਿੰਡ ‘ਚ ਅਕਤੂਬਰ ਮਹੀਨੇ ਵਿੱਚ ਸਮਾਗਮ ਕਰਕੇ 11 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਨੱਥਾ ਸਿੰਘ ਗਾਖਲ, ਨਿਰਮਲ ਸਿੰਘ ਗਾਖਲ, ਜਸਵੀਰ ਸਿੰਘ ਪੰਚ ਤੇ ਜਸਵੰਤ ਸਿੰਘ ਪੰਚ ਹਾਜ਼ਰ ਸਨ।