ਅੰਮ੍ਰਿਤਸਰ| ਅਭਿਨੇਤਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ-2 ਵਿਵਾਦਾਂ ‘ਚ ਘਿਰ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਫਿਲਮ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਨੇ ਸੰਨੀ ਦੇ ਨਾਲ-ਨਾਲ ਫ਼ਿਲਮ ਨਿਰਦੇਸ਼ਕ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ, ਗਦਰ-2 ਦੇ ਇੱਕ ਸੀਨ ‘ਤੇ ਐਸਜੀਪੀਸੀ ਨੂੰ ਇਤਰਾਜ਼ ਹੈ।
ਫਿਲਮ ਦਾ ਇਹ ਸੀਨ ਇੱਕ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਿੱਛੇ ਇੱਕ ਜਥਾ ਗੱਤਕਾ ਵੀ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਸ਼ੂਟਿੰਗ ਦੌਰਾਨ ਇਹ ਸੀਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਸੰਨੀ ਦਿਓਲ ਗੁਰਦੁਆਰੇ ਦੀ ਹਦੂਦ ਅੰਦਰ ਅਜਿਹਾ ਸੀਨ ਫਿਲਮਾ ਰਿਹਾ ਹੈ। ਦੋਵੇਂ ਅਜਿਹੀ ਮੁਦਰਾ ਵਿੱਚ ਹਨ ਜੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਨਿੰਦਣਯੋਗ ਹੈ ਅਤੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰੇ ਦੀ ਇਕ ਮਰਿਆਦਾ ਹੈ ਅਤੇ ਇੱਥੇ ਅਜਿਹੇ ਸੀਨ ਨਹੀਂ ਸ਼ੂਟ ਕੀਤੇ ਜਾ ਸਕਦੇ ਹਨ।