ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ‘ਚ ਹੋਰ ਵਾਧਾ : ਮਨਿਸਟਰੀ ਖੁੱਸਣ ਮਗਰੋਂ ਹੁਣ ਠੁਕਿਆ ਇਕ ਹੋਰ ਕੇਸ

0
1067

ਫਿਰੋਜ਼ਪੁਰ। ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਖਿਲਾਫ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕੋਰਟ ਵਿੱਚ ਕੇਸ ਦਾਇਰ ਹੋਇਆ ਹੈ। ਨਰੇਸ਼ ਕਪੂਰ ਤੇ ਉਸ ਦੇ ਪੁੱਤਰਾਂ ਵੱਲੋਂ ਕੇਸ ਦਾਇਰ ਕੀਤਾ ਗਿਆ ਸੀ।

ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧ ਰਹੀਆਂ ਹਨ। ਫੌਜਾ ਸਿੰਘ ਸਰਾਰੀ ਪਹਿਲਾਂ ਆਡੀਓ ਵਾਇਰਲ ਮਾਮਲੇ ਵਿੱਚ ਘਿਰੇ ਰਹੇ। ਹੁਣ ਗੁਰੂਹਰਸਹਾਏ ਦੇ ਰਹਿਣ ਵਾਲੇ ਨਰੇਸ਼ ਕਪੂਰ ਤੇ ਉਸ ਦੇ ਪੁੱਤਰਾਂ ਵੱਲੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗੁਰੂਹਰਸਹਾਏ ਅਦਾਲਤ ਵਿੱਚ ਫੌਜਾ ਸਿੰਘ ਸਰਾਰੀ ਖਿਲਾਫ਼ ਕੇਸ ਦਾਇਰ ਕਰਾਇਆ ਗਿਆ ਹੈ। 


ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਸ਼ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਫੌਜਾ ਸਿੰਘ ਸਰਾਰੀ ਨੂੰ ਕਰੀਬ 10 ਲੱਖ 32 ਹਜਾਰ ਦਿੱਤੇ ਸੀ ਪਰ ਵਾਰ ਵਾਰ ਮੰਗਣ ਦੇ ਬਾਵਜੂਦ ਪੈਸੇ ਵਾਪਸ ਨਹੀਂ ਦਿੱਤੇ ਗਏ। ਇਸ ਤੋਂ ਬਾਅਦ ਨਰੇਸ਼ ਕਪੂਰ ਨੇ ਹੁਣ ਅਦਾਲਤ ਦਾ ਰੁਖ ਕੀਤਾ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਅਦਾਲਤ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦੇਵੇਗੀ।

ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਫੌਜਾ ਸਿੰਘ ਸਰਾਰੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਪੀਏ ਵੱਲੋਂ ਬਹਾਨੇਬਾਜ਼ੀ ਕੀਤੀ ਗਈ ਤੇ ਉਨ੍ਹਾਂ ਨਾਲ ਗੱਲ ਨਹੀਂ ਕਰਾਈ ਗਈ।

ਜ਼ਿਕਰ ਕਰ ਦਈਏ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦੇਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਬਲਬੀਰ ਸਿੰਘ ਨੂੰ ਉਨ੍ਹਾਂ ਦੀ ਥਾਂ ਤੇ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।

ਦੱਸ ਦਈਏ ਕਿ ਸਰਾਰੀ ਦੇ ਅਸਤੀਫੇ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦਾ ਸ਼ੈਸਨ ਚਲ ਰਿਹਾ ਸੀ ਤਾਂ ਵਿਰੋਧੀਆਂ ਵੱਲੋਂ ਵੀ ਪੁਰਜੋਰ ਮੰਗ ਕੀਤੀ ਸੀ ਕਿ ਫੌਜਾ ਸਿੰਘ ਸਰਾਰੀ ਅਸਤੀਫਾ ਦੇਣ। ਹਾਲਾਂਕਿ ਜਿਹੜੇ ਦੋਸ਼ ਉਨ੍ਹਾਂ ਉਤੇ ਲੱਗੇ ਸਨ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਰਹਾਂਗਾ। ਸਰਾਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਜਿਸ ਦੀ ਇੱਕ ਆਡੀਓ ਵਾਇਰਲ ਹੋ ਗਈ ਸੀ।