ਫਾਜ਼ਿਲਕਾ। ਆਏ ਦਿਨ ਹੀ ਲੁੱਟ ਖੋਹ ਅਤੇ ਚੋਰੀ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸਾਹਮਣੇ ਆਉੰਦੇ ਰਹਿੰਦੇ ਹਨ ਪਰ ਹੁਣ ਇਕ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਫਾਜ਼ਿਲਕਾ ਵਿਚ ਇਕ ਚੋਰ ਦਾ ਇਕ ਮਹੀਨਾ ਪਹਿਲਾਂ ਕੁਟਾਪਾ ਚਾੜ੍ਹਿਆ ਗਿਆ ਸੀ ਅਤੇ ਹੁਣ ਉਸ ਚੋਰ ਵੱਲੋਂ ਉਸਦਾ ਕੁਟਾਪਾ ਚਾੜ੍ਹਨ ਵਾਲੇ ਉਸੇ ਨੌਜਵਾਨ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਵਾਲੇ ਘਰ ਵਿੱਚ ਦਾਖਲ ਹੋ ਕੇ ਇਕ ਚੋਰ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਘਰ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਚੋਰ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਸੀ।
ਜਿਸ ਤੋਂ ਬਾਅਦ ਪੰਚਾਇਤ ਦੇ ਰਾਹੀਂ ਇਸ ਮਾਮਲੇ ਨੂੰ ਨਿਬੇੜ ਦਿੱਤਾ ਗਿਆ ਸੀ ਅਤੇ ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਹੀ ਉਕਤ ਚੋਰ ਨੂੰ ਛੱਡਿਆ ਗਿਆ ਸੀ। ਉਸ ਚੋਰ ਵੱਲੋਂ ਹੁਣ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਉਸ ਪਰਿਵਾਰ ਦੇ ਇਕ ਨੌਜਵਾਨ ਉਪਰ ਉਸ ਸਮੇਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਹਮਲਾ ਕੀਤਾ ਗਿਆ ਹੈ, ਜਿਸ ਸਮੇਂ ਇਹ ਨੌਜਵਾਨ ਕੁਝ ਸਾਮਾਨ ਲੈਣ ਵਾਸਤੇ ਆਪਣੇ ਪਿੰਡ ਦੀ ਹੀ ਦੁਕਾਨ ‘ਤੇ ਗਿਆ ਸੀ। ਉਸ ਸਮੇਂ ਉਸ ਉਪਰ ਕਾਪੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਨੌਜਵਾਨ ਦਾ ਇਸ ਹਮਲੇ ਦੌਰਾਨ ਹੱਥ ਵੀ ਵੱਢਿਆ ਗਿਆ ਹੈ।