ਫ਼ਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ : ਸਮੱਗਲਰ ਦੀ ਲੱਖਾਂ ਰੁਪਏ ਦੀ ਜਾਇਦਾਦ ਕੀਤੀ ਕੁਰਕ

0
1794

ਫ਼ਿਰੋਜ਼ਪੁਰ, 5 ਅਕਤੂਬਰ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਨੇ ਜ਼ੀਰਾ ਦੇ ਰਹਿਣ ਵਾਲੇ ਇਕ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ 17 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਜ਼ੀਰਾ ਸਿਟੀ ਪੁਲਿਸ ਨੇ ਸਮਾਧੀ ਮੁਹੱਲੇ ਦੇ ਰਹਿਣ ਵਾਲੇ ਬਿੱਟੂ ਸਿੰਘ ਉਰਫ਼ ਗੇਜਾ ਦੀ 10 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਮੁਲਜ਼ਮ ਨੂੰ ਪੁਲਿਸ ਨੇ ਨਸ਼ਾ ਤਸਕਰੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਜਲਦੀ ਹੀ ਪੁਲਿਸ ਹੋਰ ਸਮੱਗਲਰਾਂ ਦੀ ਜਾਇਦਾਦ ਵੀ ਜ਼ਬਤ ਕਰ ਲਵੇਗੀ, ਜਿਸ ਦੀ ਸੂਚੀ ਤਿਆਰ ਕੀਤੀ ਗਈ ਹੈ। ਪੁਲਿਸ ਨੂੰ ਮਨਜ਼ੂਰੀ ਦੀ ਉਡੀਕ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਐਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਜ਼ੀਰਾ ਸਿਟੀ ਪੁਲਿਸ ਨੇ ਬੁੱਧਵਾਰ ਨੂੰ ਡੀਐਸਪੀ ਜ਼ੀਰਾ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ। ਡੀਐਸਪੀ ਅਨੁਸਾਰ ਬਿੱਟੂ ਨੇ ਇਹ ਦੌਲਤ ਨਸ਼ਾ ਤਸਕਰੀ ਰਾਹੀਂ ਬਣਾਈ ਸੀ ਕਿਉਂਕਿ ਬਿੱਟੂ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ।

ਇਸ ਤੋਂ ਇਲਾਵਾ ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਤਸਕਰ ਬਲਵਿੰਦਰ ਸਿੰਘ ਦੀ 1 ਕਨਾਲ 22 ਮਰਲੇ ਭਾਵ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਫਾਜ਼ਿਲਕਾ ਦੇ ਡੀ.ਐਸ.ਪੀ. ਨਾਰਕੋਟਿਕਸ ਅਤੁਲ ਸੋਨੀ ਨੇ ਦਸਿਆ ਕਿ ਮੁਲਜ਼ਮ ਵਿਰੁੱਧ ਨਸ਼ਾ ਤਸਕਰੀ ਦੇ 15 ਕੇਸ ਦਰਜ ਹਨ। ਉਸ ਨੇ ਆਪਣੀ ਪਤਨੀ ਦੇ ਨਾਂਅ ‘ਤੇ ਮਕਾਨ ਬਣਵਾਇਆ ਸੀ।