ਫਰੀਦਕੋਟ | ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸੋਮਵਾਰ ਰਾਤ ਨੂੰ ਗੋਲੀਬਾਰੀ ਹੋਈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਜਸਵੰਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਉਸ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।
ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਮੈਂਬਰ ਗੋਲੇਵਾਲਾ ਨੇੜਲੇ ਪਿੰਡ ਨੱਥਾਂਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਆਪਸ ਵਿੱਚ ਉਲਝ ਗਏ। ਝਗੜਾ ਵਧਦੇ ਹੀ ਇਕ ਧਿਰ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਗ੍ਰੰਥੀ ਬਦਲਣ ਦੀ ਮੰਗ ਨੂੰ ਲੈ ਕੇ ਝਗੜਾ ਹੋਇਆ।
ਐਸਐਸਪੀ ਅਨੁਸਾਰ ਬਲਜਿੰਦਰ ਸਿੰਘ ਨੇ ਸ਼ਿਕਾਇਤ ਦੇ ਦਿੱਤੀ ਹੈ। ਸ਼ਿਕਾਇਤ ਅਨੁਸਾਰ ਕਣਕ ਦੀ ਚੰਗੀ ਫ਼ਸਲ ਹੋਣ ਅਤੇ ਇਸ ਦੀ ਵਿਕਰੀ ਤੋਂ ਬਾਅਦ ਲੋਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਉਣਾ ਚਾਹੁੰਦੇ ਸਨ। ਕਮੇਟੀ ਦੇ ਸਾਰੇ ਮੈਂਬਰ ਤਿਆਰ ਸਨ ਪਰ ਕਮੇਟੀ ਮੈਂਬਰ ਜਸਵੰਤ ਸਿੰਘ ਗ੍ਰੰਥੀ ਬਦਲਣ ਦੀ ਮੰਗ ’ਤੇ ਅੜੇ ਰਹੇ।
ਜਦੋਂ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਰਾਤ ਸਮੇਂ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਚਲਾ ਕੇ ਤਣਾਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਇਰਾਦੇ ਵੀ ਸਪੱਸ਼ਟ ਕਰ ਦਿੱਤੇ। ਗੁੱਸੇ ਵਿੱਚ ਆਏ ਲੋਕ ਸੋਮਵਾਰ ਸਵੇਰੇ ਥਾਣੇ ਪੁੱਜੇ ਅਤੇ ਸ਼ਿਕਾਇਤ ਦੇ ਕੇ ਜਸਵੰਤ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।