ਫਿਰੋਜ਼ਪੁਰ : ਟਿਊਸ਼ਨ ਪੜ੍ਹਨ ਗਿਆ 16 ਸਾਲ ਦਾ ਮੁੰਡਾ ਕਿਡਨੈਪ ਕਰਕੇ ਮੰਗੇ 5 ਲੱਖ ਰੁਪਏ, 3 ਗ੍ਰਿਫਤਾਰ; ਆਰੋਪੀਆਂ ਦੀ ਉਮਰ 22 ਤੋਂ 25 ਸਾਲ ਵਿਚਾਲੇ

0
3365

ਚੰਡੀਗੜ੍ਹ/ਫਿਰੋਜ਼ਪੁਰ | ਫਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ ਐਸਐਸਪੀ ਡਾ. ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਅਗਵਾਹ ਹੋਏ 16 ਸਾਲਾ ਬੱਚੇ ਦੇ ਮਾਮਲੇ ਨੂੰ ਛੇ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ।

ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਕਰਨ (23) ਵਾਸੀ ਅਨਾਜ ਮੰਡੀ ਫਿਰੋਜ਼ਪੁਰ, ਰਾਜ ਸਿੰਘ ਉਰਫ ਰੋਹਿਤ (25) ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਅਤੇ ਅਮਰਜੀਤ ਸਿੰਘ (22) ਵਾਸੀ ਪਿੰਡ ਤੁਨਵਾਲਾ, ਫਿਰੋਜ਼ਪੁਰ ਵਜੋਂ ਹੋਈ ਹੈ। ਜਦਕਿ ਇਨ੍ਹਾਂ ਦਾ ਚੌਥਾ ਸਾਥੀ ਅਕਾਸ਼ ਉਰਫ ਜਾਨੀ (23) ਵਾਸੀ ਬਸਤੀ ਗੋਲ ਬਾਗ ਫਿਰੋਜ਼ਪੁਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਨੇ ਕਾਬੂ ਕੀਤੇ ਦੋਸ਼ੀਆਂ ਦੇ ਕੋਲੋਂ ਦੋ ਪਿਸਤੌਲਾਂ ਸਮੇਤ ਦੋ ਕਾਰਤੂਸ, ਇੱਕ ਮੋਟਰਸਾਈਕਲ, ਪੀੜਤ ਦਾ ਐਕਟਿਵਾ ਸਕੂਟਰ ਅਤੇ ਤਿੰਨ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।

ਐਸਐਸਪੀ ਡਾ ਭਾਰਗਵ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਐਡਵੋਕੇਟ ਸੰਜੂ ਸ਼ਰਮਾ ਨੇ ਫਿਰੋਜ਼ਪੁਰ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸ ਦਾ 16 ਸਾਲਾ ਲੜਕਾ ਦੇਵ ਵੀਰਮ ਆਪਣੇ ਐਕਟਿਵਾ ਸਕੂਟਰ ’ਤੇ ਫਿਰੋਜ਼ਪੁਰ ਕੈਂਟ ਵਿਖੇ ਟਿਊਸ਼ਨ ਪੜ੍ਹਨ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਪਰਤਿਆ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ।

ਉਨ੍ਹਾ ਨੇ ਦੱਸਿਆ ਕਿ ਸੰਜੂ ਸ਼ਰਮਾ ਨੂੰ ਵਟਸਐਪ ‘ਤੇ ਇਕ ਵੀਡੀਓ ਅਤੇ ਆਡੀਓ ਸੰਦੇਸ਼ ਮਿਲਿਆ ਸੀ, ਜਿਸ ‘ਚ ਉਸ ਦਾ ਲੜਕਾ ਕਹਿ ਰਿਹਾ ਸੀ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਅਗਵਾਕਾਰ ਫਿਰੌਤੀ ਦੀ ਮੰਗ ਕਰ ਰਹੇ ਹਨ।

ਐਸਐਸਪੀ ਨੇ ਦੱਸਿਆ ਕਿ ਉਸ ਨੂੰ ਇੱਕ ਵਟਸਐਪ ਕਾਲ ਵੀ ਆਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਹ ਆਪਣਾ ਪੁੱਤਰ ਵਾਪਸ ਚਾਹੁੰਦੀ ਹੈ ਤਾਂ 5 ਲੱਖ ਰੁਪਏ ਦਾ ਪ੍ਰਬੰਧ ਕਰ ਲਵੇ ਨਹੀਂ ਤਾਂ ਉਹ ਉਸਦੇ ਪੁੱਤਰ ਨੂੰ ਮਾਰ ਦੇਣਗੇ।

ਡਾ: ਭਾਰਗਵ ਨੇ ਤੁਰੰਤ ਕਾਰਵਾਈ ਕਰਦਿਆਂ ਐਸਪੀ ਇਨਵੈਸਟੀਗੇਸ਼ਨ ਮਨਵਿੰਦਰ ਸਿੰਘ ਦੀ ਅਗਵਾਈ ਵਿੱਚ ਚਾਰ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਵਿੱਚ ਡੀਐਸਪੀ ਇਨਵੈਸਟੀਗੇਸ਼ਨ ਜਗਦੀਸ਼ ਕੁਮਾਰ, ਸੀਆਈਏ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਤੇ ਥਾਣਾ ਸਿਟੀ ਦੇ ਐਸਐਚਓ ਮਨੋਜ ਕੁਮਾਰ ਸ਼ਾਮਲ ਸਨ।

ਐਸਐਸਪੀ ਨੇ ਕਿਹਾ ਕਿ ਤਕਨੀਕੀ ਸਹਾਇਤਾ ਅਤੇ ਖੁਫੀਆ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਟੀਮ ਨੇ ਛੇ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬੱਚੇ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ “ਰੋਹਿਤ ਅਤੇ ਕਰਨ ਨੂੰ ਮੋਟਰਸਾਈਕਲ ’ਤੇ ਜਾਂਦਿਆਂ ਕਾਬੂ ਕੀਤਾ ਗਿਆ, ਜਦਕਿ ਅਮਰਜੀਤ ਨੂੰ ਪਿੰਡ ਡੂਮਣੀ ਵਾਲਾ ਵਿੱਚ ਬਣੇ ਪਸ਼ੂਆਂ ਦੇ ਕੋਠੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੋਂ ਬੱਚਾ ਵੀ ਬਰਾਮਦ ਕੀਤਾ ਗਿਆ।” ਉਨ੍ਹਾਂ ਕਿਹਾ ਕਿ ਚੌਥੇ ਮੁਲਜ਼ਮ ਦੀ ਪਛਾਣ ਆਕਾਸ਼ ਵਜੋਂ ਕੀਤੀ ਗਈ ਹੈ, ਪਿੰਡ ਡੂਮਣੀ ਵਾਲਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਜਿਸ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।

ਮੁੱਢਲੀ ਤਫਤੀਸ਼ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਇਹ ਦਿਖਾਵਾ ਕੀਤਾ ਕਿ ਇਸ ਲੜਕੇ ਨੇ ਉਨ੍ਹਾਂ ਦੀ ਭੈਣ ਨਾਲ ਛੇੜਛਾੜ ਕੀਤੀ ਹੈ, ਇਸ ਕਰਕੇ ਹੀ ਉਹ ਉਸ ਨੂੰ ਗਲਤੀ ਮਨਵਾਉਣ ਲਈ ਲਿਜਾ ਰਹੇ ਹਨ।

ਥਾਣਾ ਸਿਟੀ ਫਿਰੋਜ਼ਪੁਰ ‘ਚ ਆਈਪੀਸੀ ਦੀਆਂ ਧਾਰਾ 364-ਏ, ਤਹਿਤ ਥਾਣਾ ਫਿਰੋਜ਼ਪੁਰ ‘ਚ ਐਫ.ਆਈ.ਆਰ ਨੰਬਰ 15 ਮਿਤੀ 12-01-2022 ਦਰਜ ਕੀਤੀ ਗਈ ਸੀ, ਜਦੋਂ ਕਿ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਬਾਅਦ ਵਿੱਚ ਜੋੜ ਦਿੱਤੀਆਂ ਗਈਆਂ ਹਨ।

ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।