ਫਿਰੋਜ਼ਪੁਰ, 1 ਨਵੰਬਰ | ਇਥੋਂ ਦੇ ਪਿੰਡ ਮਾੜੇ ਕਲਾਂ ਵਿਖੇ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ 1 ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਰਜੀਤ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਬਸਤੀ ਕੱਲੇ ਵਾਲੀ ਨੇ ਦੱਸਿਆ ਕਿ ਉਸ ਦਾ ਲੜਕਾ ਜਗਮੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਬੱਸ ਅੱਡੇ ਨੇੜੇ ਇਕ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਚਾਲਕ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਚੱਕ ਬੁੱਢੇ ਸ਼ਾਹ (ਅਵਾਨ) ਲਾਪ੍ਰਵਾਹੀ ਨਾਲ ਟਰਾਲੀ ਚਲਾ ਰਿਹਾ ਸੀ, ਜਿਸ ਨਾਲ ਜਗਮੀਤ ਸਿੰਘ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਪਿਆ ਤੇ ਉਸ ਦੇ ਕਾਫੀ ਸੱਟਾਂ ਲੱਗ ਗਈਆਂ, ਜਿਸ ਦੀ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਆਤਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਟਰੈਕਟਰ-ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।