ਝੂਠੀ ਅਣਖ ਖ਼ਾਤਰ ਨਾਬਾਲਗ ਗਰਭਵਤੀ ਧੀ ਦਾ ਕਤਲ ਕਰਨ ਵਾਲਾ ਪਿਓ 13 ਸਾਲਾਂ ਬਾਅਦ ਗ੍ਰਿਫ਼ਤਾਰ

0
1685

ਨਵੀਂ ਦਿੱਲੀ, 18 ਅਕਤੂਬਰ| ਹਰਿਆਣਾ ਦੇ ਬਹਾਦਰਗੜ੍ਹ ਦੀ ਸੀਆਈਏ-2 ਟੀਮ ਨੇ 13 ਸਾਲ ਬਾਅਦ ਇਕ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਝੂਠੀ ਅਣਖ ਖਾਤਰ ਅਪਣੀ ਨਾਬਾਲਗ ਧੀ ਦਾ ਕਤਲ ਕਰ ਦਿਤਾ ਸੀ। ਇਸ ਤੋਂ ਬਾਅਦ ਉਹ ਵੱਖ-ਵੱਖ ਥਾਵਾਂ ‘ਤੇ ਫਰਾਰ ਹੁੰਦਾ ਰਿਹਾ। ਸੀਆਈਏ ਨੇ ਉਸ ਨੂੰ ਬਿਹਾਰ ਦੇ ਖਗੜੀਆ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।

ਦਰਅਸਲ ਬਿਹਾਰ ਦਾ ਰਹਿਣ ਵਾਲਾ ਖੁਸ਼ੀਰਾਮ ਹਰਿਆਣਾ ਦੇ ਬਹਾਦੁਰਗੜ੍ਹ ਸਥਿਤ ਕਾਲੋਨੀ ‘ਚ ਅਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦੀ ਧੀ ਦੀ ਲਾਸ਼ ਅਗਸਤ 2010 ਵਿਚ ਇਕ ਨਾਲੇ ਵਿਚੋਂ ਮਿਲੀ ਸੀ। ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਇਸ ਸਬੰਧੀ ਵਾਰਡ ਦੇ ਤਤਕਾਲੀ ਕੌਂਸਲਰ ਦੇ ਬਿਆਨਾਂ ’ਤੇ ਖੁਸ਼ੀਰਾਮ, ਮਾਂ ਮੀਰਾ ਅਤੇ ਭੈਣ ਰੂਣਾ ਖ਼ਿਲਾਫ਼ ਨਾਬਾਲਗ ਲੜਕੀ ਦਾ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦੀ ਧੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਉਹ ਗਰਭਵਤੀ ਹੋ ਗਈ ਸੀ। ਇਸ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਉਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਗੰਦੇ ਨਾਲੇ ਵਿਚ ਸੁੱਟ ਦਿਤਾ। ਰੋਹਤਕ ਰੇਂਜ ਦੇ ਆਈਜੀ ਵਲੋਂ ਵਿਅਕਤੀ ‘ਤੇ 5,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਸੀਆਈਏ ਦੀ ਟੀਮ ਨੇ ਉਸ ਨੂੰ ਰਿਮਾਂਡ ’ਤੇ ਲੈ ਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ।