ਫਰੀਦਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜੰਮੂਤਵੀ ਤੋਂ ਅਹਿਮਦਾਬਾਦ ਜਾ ਰਹੀ ਜੰਮੂਤਵੀ ਐਕਸਪ੍ਰੈਸ ਟਰੇਨ ਵਿਚ ਸਫਰ ਕਰ ਰਹੇ ਗੁਜਰਾਤ ਦੇ ਇਕ ਯਾਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਯਾਤਰੀ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਯਾਤਰੀ ਟਰੇਨ ਦੇ ਸਲੀਪਰ ਕੋਚ 8 ‘ਚ ਸਫਰ ਕਰ ਰਿਹਾ ਸੀ, ਉਹ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਗੁਜਰਾਤ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਟਰੇਨ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਫਰੀਦਕੋਟ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ ਤਾਂ ਯਾਤਰੀ ਨੂੰ ਦਿਲ ਦਾ ਦੌਰਾ ਪਿਆ। ਟਰੇਨ ‘ਚ ਯਾਤਰੀ ਦੀ ਮੌਤ ਦੀ ਸੂਚਨਾ ਫਰੀਦਕੋਟ ਰੇਲਵੇ ਸਟੇਸ਼ਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਟਰੇਨ ਨੂੰ ਫਰੀਦਕੋਟ ਵਿਖੇ ਰੋਕ ਦਿੱਤਾ ਗਿਆ।
ਅੱਧੇ ਘੰਟੇ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਟਰੇਨ ਨੂੰ ਅੱਗੇ ਭੇਜ ਦਿੱਤਾ ਗਿਆ। ਫਰੀਦਕੋਟ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਐਸਬੀ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਯਾਤਰੀ ਦੀ ਲਾਸ਼ ਨੂੰ ਜੀਆਰਪੀ ਹਵਾਲੇ ਕਰ ਦਿੱਤਾ ਗਿਆ ਹੈ। ਯਾਤਰੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ।