ਮਾਸਕ ਨਾ ਪਾਉਣ ‘ਤੇ ਹੋਵੇਗਾ ਜੁਰਮਾਨਾ, ਐਪੀਡੈਮਿਕ ਡਿਜੀਜ਼ ਐਕਟ ਦੇ ਤਹਿਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਨਿਯਮ

0
1624

ਕਪੂਰਥਲਾ. ਜਿੰਦਗੀ ਵਿੱਚ ਆਪਣੇ ਜਰੂਰੀ ਕੰਮ ਕਰਨ ਦੇ ਨਾਲ ਕੋਵਿਡ-19 ਵਾਇਰਸ ਤੋਂ ਬਚਾਅ ਕਰਨ ਹਿਤ ਪੰਜਾਬ ਸਰਕਾਰ ਵੱਲੋਂ ਐਪੀਡੈਮਿਕ ਡਿਜੀਜ ਐਕਟ 1897 ਤਹਿਤ ਜਰੂਰੀ ਹਦਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾ. ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲ਼ਾ ਨੇ ਕਿਹਾ ਕਿ ਕਰੋਨਾ ਵਾਇਰਸ ਇਕ ਤੋਂ ਦੂਜੇ ਵਿੱਚ ਫੈਲਦਾ ਹੈ ਅਤੇ ਇਸ ਤੋਂ ਬਚਾਅ ਦਾ ਇੱਕ ਹੀ ਤਰੀਕਾ ਹੈ ਆਪਸ ਵਿੱਚ ਦੂਰੀ ਅਤੇ ਹੱਥਾਂ ਦੀ ਸਾਫ ਸਫਾਈ। ਉਹਨਾਂ ਨੇ ਕਿਹਾ ਕਿ ਆਮ ਲੋਕਾਂ ਵਿੱਚ ਜਾਣਕਾਰੀ ਦੀ ਅਣਹੋਂਦ ਕਾਰਨ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਣ ਦਾ ਖਤਰਾ ਸੀ, ਜਿਸ ਕਾਰਨ ਸਰਕਾਰ ਦੁਆਰਾ ਕਰਫਿਊ ਵਰਗਾ ਸਖਤ ਫੈਸਲਾ ਲੈਣਾ ਪਿਆ। ਹੁਣ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਆਪਣੇ ਜਰੂਰੀ ਕੰਮ ਕਰਨ ਅਤੇ ਜਰੂਰੀ ਸਮਾਨ ਦੀ ਪ੍ਰਾਪਤੀ ਲਈ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ।

ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦਿੱਤੀ ਗਈ ਸਹੂਲਤ ਕੁਝ ਨਿਯਮਾਂ ਅਧੀਨ ਹੀ ਜਾਰੀ ਰਹਿ ਸਕਦੀ ਹੈ, ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਸ ਦਾ ਸਿੱਟਾ ਘਾਤਕ ਹੋ ਸਕਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ 19 ਤੋਂ ਬਚਾਅ ਅਤੇ ਰੋਕਥਾਮ ਦੇ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ, ਆਪਣੇ ਕੰਮ ਕਰਦੇ ਹੋਏ, ਦਫਤਰ ਵਿੱਚ ਅਤੇ ਹਰ ਉਹ ਜਗ੍ਹਾ ਜਿਥੇ ਇਕ ਵਿਅਕਤੀ ਦੇ ਸੰਪਰਕ ਵਿੱਚ ਦੂਜਾ ਵਿਅਕਤੀ ਆਉਂਦਾ ਹੈ ਮਾਸਕ ਪਾਉਣਾ ਜਰੂਰੀ ਹੈ। ਮਾਸਕ ਟ੍ਰਿਪਲ ਲੇਅਰ ਜਾਂ ਸੂਤੀ ਕਪੱੜੇ ਦਾ ਹੋ ਸਕਦਾ ਹੈ। ਜੇਕਰ ਇਹ ਦੋਨੋਂ ਉਪਲਬਧ ਨਹੀਂ ਹਨ ਤਾਂ ਰੁਮਾਲ, ਪਰਨਾ, ਚੁੰਨੀ ਦੀ ਦੁਹਰੀ ਤੀਹਰੀ ਤਹਿ ਨਾਲ ਵੀ ਆਪਣਾ ਮੂੰਹ ਢੱਕਿਆ ਜਾ ਸਕਦਾ ਹੈ ਜਿਸ ਨੂੰ ਸਾਬਣ ਜਾਂ ਡਿਟਰਜੈਂਟ ਨਾਲ ਧੋ ਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਕਿਸੇ ਵੀ ਸੂਰਤ ਵਿੱਚ ਆਪਣਾ ਮੂੰਹ ਢੱਕਣ ਤੋਂ ਬਿਨ੍ਹਾਂ ਘਰ ਤੋਂ ਬਾਹਰ ਨਿਕਲਣਾ ਸਜਾ ਯੋਗ ਅਪਰਾਧ ਮੰਨਿਆ ਜਾਵੇਗਾ। ਇਸ ਸੂਰਤ ਵਿੱਚ 200 ਰੁਪਏ ਜੁਰਮਾਨਾ, ਇਕਾਂਤਵਾਸ ਦੀ ਉਲੰਘਣਾ ਕਰਨ ਤੇ 500 ਰੁਪਏ ਅਤੇ ਜਨਤਕ ਥਾਂ ਤੇ ਥੁੱਕਣ ਤੇ 100 ਰੁਪਏ ਜੁਰਮਾਨਾਂ ਕੀਤਾ ਜਾ ਸਕਦਾ ਹੈ । ਉਹਨਾਂ ਨੇ ਕਿਹਾ ਕਿ ਕਰੋਨਾ ਵਿਰੁਧ ਇਸ ਜੰਗ ਵਿੱਚ ਸੱਭ ਦੀ ਭਾਗੀਦਾਰੀ ਦੀ ਜਰੂਰਤ ਹੈ। ਜਿਸ ਵਿਅਕਤੀ ਨੂੰ ਵੀ ਤੇਜ਼ ਬੁਖਾਰ, ਸੁੱਕੀ ਖਾਂਸੀ, ਜੁਕਾਮ ਆਦਿ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਰਹੇ, ਘਰ ਵਿੱਚ ਵੀ ਆਪਣੇ ਪਰਿਵਾਰ ਨਾਲ ਦੂਰੀ ਬਣਾ ਕੇ ਰੱਖੇ ਅਤੇ ਮਾਸਕ ਪਾ ਕੇ ਰੱਖੇ। ਗਰਮ ਪਾਣੀ ਦੀ ਵਰਤੋਂ ਕਰੇ। ਜਿਸ ਵਿਅਕਤੀ ਨੂੰ ਸਿਹਤ ਵਿਭਾਗ ਵੱਲੋਂ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ, ਉਹ ਦਿਤੇ ਗਏ ਸਮੇਂ ਤੱਕ ਕਿਸੇ ਵੀ ਸੂਰਤ ਵਿੱਚ ਘਰ ਤੋਂ ਬਾਹਰ ਨਾ ਨਿਕਲੇ।

ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਕੋਰੋਨਾ ਤੋਂ ਛੁਟਕਾਰਾ ਤੱਦ ਹੀ ਮਿਲ ਸਕਦਾ ਹੈ ਜਦੋਂ ਹਰ ਵਿਅਕਤੀ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੇ। ਕਿਸੇ ਡਰ ਜਾਂ ਕਿਸੇ ਨੂੰ ਦਿਖਾਉਣ ਲਈ ਕੀਤੀ ਗਈ ਹਦਾਇਤਾਂ ਦੀ ਪਾਲਣਾ ਨਾਲ ਤੁਸੀਂ ਕਰੋਨਾ ਤੋਂ ਛੁਟਕਾਰਾ ਨਹੀਂ ਪਾ ਸਕਦੇ।