ਉੱਤਰੀ ਭਾਰਤ ‘ਚ ਕੜਾਕੇ ਦੀ ਠੰਡ, ਸੀਤ ਲਹਿਰ ਦੀ ਲਪੇਟ ‘ਚ ਪੰਜਾਬ-ਹਰਿਆਣਾ, ਦਿੱਲੀ ‘ਚ ਪਾਰਾ 3.5 ਡਿਗਰੀ ਸੈਲਸੀਅਸ, ਵਿਜ਼ੀਬਿਲਟੀ ਘਟੀ

0
598

ਨਵੀਂ ਦਿੱਲੀ | ਉੱਤਰੀ ਭਾਰਤ ਵਿੱਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਡ ਪੈ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਠੰਡ ਦੀ ਲਪੇਟ ਵਿੱਚ ਹਨ। ਵੀਰਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਦੂਜੇ ਪਾਸੇ ਰਾਜਸਥਾਨ ਦੇ ਸੈਰ-ਸਪਾਟਾ ਸਥਾਨ ਮਾਊਂਟ ਆਬੂ ‘ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਹਾੜੀ ਰਾਜਾਂ ਉੱਤਰਾਖੰਡ, ਜੰਮੂ-ਕਸ਼ਮੀਰ ਤੇ ਹਿਮਾਚਲ ‘ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਦਾ ਪ੍ਰਕੋਪ ਅਚਾਨਕ ਵਧ ਗਿਆ ਹੈ।

ਉੱਤਰੀ ਭਾਰਤ ਵੀਰਵਾਰ ਨੂੰ ਵੀ ਬਰਫੀਲੀਆਂ ਹਵਾਵਾਂ ਦੀ ਲਪੇਟ ‘ਚ ਰਿਹਾ। ਪੰਜਾਬ ਦੇ ਅੰਮ੍ਰਿਤਸਰ ਵਿੱਚ ਮੈਦਾਨੀ ਇਲਾਕਿਆਂ ‘ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ, ਜਦੋਂ ਕਿ ਸੰਘਣੀ ਧੁੰਦ ਨੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿੱਥੇ ਘੱਟ ਵਿਜ਼ੀਬਿਲਟੀ ਕਾਰਨ ਇਕ ਬੱਸ ਤੇ ਗੈਸ ਟੈਂਕਰ ਦੀ ਟੱਕਰ ਕਾਰਨ 8 ਲੋਕਾਂ ਦੀ ਮੌਤ ਹੋ ਗਈ।

ਸੀਤ ਲਹਿਰ ਦੀ ਲਪੇਟ ‘ਚ ਪੰਜਾਬ-ਹਰਿਆਣਾ

ਪੰਜਾਬ ਤੇ ਹਰਿਆਣਾ ਵਿੱਚ ਸੀਤ ਲਹਿਰ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ, ਭਿਵਾਨੀ, ਰੋਹਤਕ ਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 4.4, 4.2, 4.9, 4.8, 4.4 ਤੇ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ‘ਚ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਜਦਕਿ ਲੁਧਿਆਣਾ ‘ਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ‘ਚ ਘੱਟੋ-ਘੱਟ ਤਾਪਮਾਨ 5.8, ਆਦਮਪੁਰ ‘ਚ 6.6, ਹਲਵਾਰਾ ‘ਚ 6 ਤੇ ਬਠਿੰਡਾ ‘ਚ 5 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਰਨਾਲ, ਹਿਸਾਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਵਰਗੀਆਂ ਕੁਝ ਥਾਵਾਂ ‘ਤੇ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ। ਉਨ੍ਹਾਂ ਕਿਹਾ ਕਿ ਅਗਲੇ 2 ਦਿਨਾਂ ਦੌਰਾਨ ਦੋਵਾਂ ਰਾਜਾਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਹੋਰ ਵਧੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ