ਪੰਜਾਬ ‘ਚ 31 ਅਕਤੂਬਰ ਤੱਕ ESMA ਲਾਗੂ, ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ

0
582

ਚੰਡੀਗੜ੍ਹ| ਪਟਵਾਰੀ, ਕਾਨੂੰਗੋ ਅਤੇ ਡੀ.ਸੀ. ਦਫ਼ਤਰਾਂ ਦੇ ਸਟਾਫ਼ ਵਲੋਂ 11, 12 ਅਤੇ 13 ਸਤੰਬਰ ਨੂੰ ਤਿੰਨ ਦਿਨ ਦੀ ਕਲਮ ਛੋੜ ਹੜਤਾਲ ਉਪਰ ਜਾਣ ਦੇ ਐਲਾਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਹੜਤਾਲ ਉਪਰ ਜਾਣ ਵਾਲੇ ਮੁਲਾਜ਼ਮਾਂ ਉਪਰ ਐਸਮਾ ਲਾਗੂ ਕਰਨ ਦੇ ਹੁਕਮ ਵੀ ਜਾਰੀ ਕਰ ਦਿਤੇ ਹਨ। ਅਗਲੇ ਦੋ ਮਹੀਨੇ ਤਕ ਕੋਈ ਸਰਕਾਰੀ ਮੁਲਾਜ਼ਮ ਹੜਤਾਲ ‘ਤੇ ਨਹੀਂ ਜਾ ਸਕਣਗੇ।

ਇਸ ਸਬੰਧੀ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹੜਤਾਲ ਉਪਰ ਜਾਣ ਵਾਲੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਐਕਟ ਤਹਿਤ ਅਪਰਾਧਕ ਕਾਰਵਾਈ ਕੀਤੀ ਜਾਵੇਗੀ ਅਤੇ ਸਰਵਿਸ ਵਿਚ ਬ੍ਰੇਕ ਪਾਈ ਜਾਏਗੀ।  ਲਾਗੂ ਹੁਕਮਾਂ ਅਨੁਸਾਰ, ਐਸਮਾ 31 ਅਕਤੂਬਰ, 2023 ਤਕ ਲਾਗੂ ਰਹੇਗਾ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਸ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਜਿਹੀ ਸਥਿਤੀ ਵਿਚ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ, ਕਾਨੂੰਗੋ, ਸਰਕਲ ਮਾਲ ਅਫ਼ਸਰ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਜੁੜੇ ਮੁਲਾਜ਼ਮ ਆਪਣਾ ਦਫ਼ਤਰ ਨਹੀਂ ਛੱਡ ਸਕਣਗੇ। ਮਾਲ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ।