ਈ. ਡੀ. ਦੀ ਕਿਸੇ ਵੀ ਸ਼ਿਕਾਇਤ ‘ਚ ਮੁਲਜ਼ਮ ਜਾਂ ਸ਼ੱਕੀ ਵਜੋਂ ਮੇਰਾ ਨਾਂਅ ਸ਼ਾਮਲ ਨਹੀਂ – ਰਾਘਵ ਚੱਢਾ

0
404

ਨਵੀਂ ਦਿੱਲੀ | ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਵਿਚ ਮੈਨੂੰ ਦੋਸ਼ੀ ਜਾਂ ਸ਼ੱਕੀ ਵਜੋਂ ਨਾਮਜ਼ਦ ਕਰਨ ਵਾਲੀਆਂ ਖ਼ਬਰਾਂ/ਰਿਪੋਰਟਾਂ ਗ਼ਲਤ ਹਨ ਅਤੇ ਮੇਰੇ ਅਕਸ ਅਤੇ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਲਈ ਭੈੜੇ ਪ੍ਰਚਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਹ ਖ਼ਬਰਾਂ ਝੂਠੀਆਂ ਅਤੇ ਬੇਬੁਨਿਆਦ ਹਨ।

ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਘਵ ਚੱਢਾ ਨੇ ਕਿਹਾ ਕਿ ਆਬਕਾਰੀ ਮਾਮਲੇ ਵਿਚ ਪਿਛਲੇ ਇਕ ਸਾਲ ਤੋਂ ਜਾਰੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। ਇਸ ਦਾ ਉਦੇਸ਼ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਖ਼ਤਮ ਕਰਨਾ ਹੈ। ਮੇਰੇ ਅਕਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਵੀ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ।  

ਰਾਘਵ ਚੱਢਾ ਨੇ ਕਿਹਾ ਕਿ ਈ. ਡੀ. ਵਲੋਂ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਵਿਚ ਮੇਰਾ ਨਾਂਅ ਮੁਲਜ਼ਮ ਜਾਂ ਸ਼ੱਕੀ ਵਜੋਂ ਨਹੀਂ ਲਿਆ ਗਿਆ। ਇਥੋਂ ਤਕ ਕਿ ਗ਼ਵਾਹ ਵਜੋਂ ਵੀ ਉਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਹੈ। ਉਕਤ ਸ਼ਿਕਾਇਤਾਂ ਵਿਚ ਮੇਰੇ ਵਿਰੁੱਧ ਕੋਈ ਵੀ ਇਲਜ਼ਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਕ ਮੀਟਿੰਗ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਕਈ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਮੇਰੇ ਨਾਂਅ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਮੀਡੀਆ ਅਤੇ ਪ੍ਰਕਾਸ਼ਨ ਘਰਾਣਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਗ਼ਲਤ ਰਿਪੋਰਟਿੰਗ ਨਾ ਕਰਨ ਅਤੇ ਇਸ ਮੁੱਦੇ ਨੂੰ ਸਪੱਸ਼ਟ ਕਰਨ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵਾਂਗਾ। ਰਾਘਵ ਚੱਢਾ ਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਦੇ ਅਕਸ ਨੂੰ ਇਸ ਤਰ੍ਹਾਂ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੀਡੀਆ ਅਦਾਰਿਆਂ ਨੂੰ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਬਿਆਨ ਲੈਣਾ ਚਾਹੀਦਾ ਸੀ।