ਤੀਜੇ ਪੜਾਅ ਦੌਰਾਨ ਜਲੰਧਰ ਦੇ ਸ਼ਹਿਰੀ ਖੇਤਰ ’ਚ 16 ਹੋਰ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ : ਡੀਸੀ

0
714

ਜਲੰਧਰ| ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਦੱਸਿਆ ਕਿ ਜਲੰਧਰ ਦੇ ਸ਼ਹਿਰੀ ਇਲਾਕਿਆਂ (ਨਗਰ ਨਿਗਮ ਖੇਤਰ) ਵਿੱਚ 16 ਨਵੇਂ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾਣੇ ਹਨ, ਜਿਨ੍ਹਾਂ ਲਈ ਕਾਰਜਕਾਰੀ ਏਜੰਸੀਆਂ ਮੰਡੀਬੋਰਡ ਅਤੇ ਪੀ.ਡਬਲਯੂ.ਡੀ. (ਬੀ.ਐਂਡ.ਆਰ) ਵੱਲੋਂ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।

ਪ੍ਰਮੁੱਖ ਸਕੱਤਰ (ਸਿਹਤ) ਵੀ. ਕੇ. ਮੀਨਾ ਵੱਲੋਂ ਆਮ ਆਦਮੀ ਕਲੀਨਿਕ ਸਥਾਪਤ ਕਰਨ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੀਜੇ ਪੜਾਅ ਦੌਰਾਨ ਜਲੰਧਰ ਵਿੱਚ ਬਣਨ ਵਾਲੇ 16 ਆਮ ਆਦਮੀ ਕਲੀਨਿਕਾਂ ਵਿੱਚੋਂ 10 ਇਮਾਰਤਾਂ ਵਿੱਚ ਸਥਾਪਤ ਕੀਤੇ ਜਾਣਗੇ ਜਦਕਿ 6 ਥਾਵਾਂ ’ਤੇ ਇਨ੍ਹਾਂ ਲਈ ਪੋਰਟੇਬਲ ਕਲੀਨਿਕਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭੀੜ-ਭੜੱਕੇ ਵਾਲੇ ਇਲਾਕਿਆਂ, ਜਿਥੇ ਕੇਂਦਰਾਂ ਲਈ ਇਮਾਰਤਾਂ ਉਪਲਬਧ ਨਹੀਂ ਹਨ, ਉਥੇ ਪੋਰਟੇਬਲ ਕਲੀਨਿਕਾਂ ਦੀ ਵਰਤੋਂ ਕਰਕੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਨਵੇਂ ਸਥਾਪਿਤ ਕੀਤੇ ਜਾਣ ਵਾਲੇ ਆਮ ਆਦਮੀ ਕਲੀਨਿਕ ਨਿਰਧਾਰਿਤ ਸਮੇਂ ’ਤੇ ਤਿਆਰ ਕਰਨ ਸਬੰਧੀ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸ਼ਹਿਰ ਦੀ ਸੰਘਣੀ ਆਬਾਦੀ ਨੂੰ ਜਲਦ ਤੋਂ ਜਲਦ ਬਿਹਤਰ ਸਿਹਤ ਸੇਵਾਵਾਂ ਮਿਲਣੀਆਂ ਯਕੀਨੀ ਬਣਾਈਆਂ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਕੰਡਰੀ ਸਿਹਤ ਸੰਭਾਲ ਸੰਸਥਾਵਾਂ ਦੀ ਹੋਰ ਬਿਹਤਰੀ ਤੇ ਮਜ਼ਬੂਤੀ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਸੈਕੰਡਰੀ ਸਿਹਤ ਸੰਸਥਾਵਾਂ ਵਿੱਚ ਲੋੜੀਂਦੇ ਸਾਜ਼ੋ-ਸਮਾਨ ਅਤੇ ਮੈਨ ਪਾਵਰ ਸਬੰਧੀ ਅਨੁਮਾਨ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਨੁਮਾਨ ਵਿੱਚ ਇਨ੍ਹਾਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਕਰੀਬ 68 ਕਰੋੜ ਰੁਪਏ ਦੇ ਲੋੜੀਂਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਤਿੰਨ ਸੀਨੀਅਰ ਮੈਡੀਕਲ ਅਫ਼ਸਰ, 120 ਮੈਡੀਕਲ ਅਫ਼ਸਰ, 111 ਸਟਾਫ ਨਰਸਿਜ਼ ਸਮੇਤ ਹੋਰ ਲੋੜੀਂਦਾ ਸਟਾਫ ਅਤੇ ਡਾਕਟਰੀ ਸਾਜ਼ੋ ਸਾਮਾਨ ਸਬੰਧੀ ਵੇਰਵਾ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸੈਕੰਡਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਜ਼ਿਲ੍ਹੇ ਵਿਚਲਾ ਇਕ ਜ਼ਿਲ੍ਹਾ ਹਸਪਤਾਲ, ਦੋ ਸਬ ਡਵੀਜ਼ਨਲ ਹਸਪਤਾਲ ਅਤੇ 14 ਕਮਿਊਨਟੀ ਸਿਹਤ ਸੈਂਟਰ ਸ਼ਾਮਿਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ, ਮੈਡੀਕਲ ਸੁਪਰਡੰਟ ਡਾ. ਰਾਜੀਵ ਸ਼ਰਮਾ, ਡਾ. ਰਮਨ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਯੋਤੀ ਸ਼ਰਮਾ ਆਦਿ ਮੌਜੂਦ ਸਨ।