ਹਰਿਆਣਾ, 16 ਸਤੰਬਰ | ਕਰਨਾਲ-ਹਰਿਆਣਾ ਦੇ ਕੈਥਲ ਵਿਚ ਇੱਕ ਲੜਕੀ ਦਾ ਕਤਲ ਕਰਨ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਵੀ ਸਾੜ ਦਿੱਤਾ ਹੈ। ਲੜਕੀ ਦੇ ਕਿਸੇ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਸੁਰੱਖਿਆ ਏਜੰਟ (ਐਸ.ਏ.) ਦੀ ਸ਼ਿਕਾਇਤ ‘ਤੇ ਪੁਲਿਸ ਨੇ ਲੜਕੀ ਦੇ ਮਾਤਾ-ਪਿਤਾ ਅਤੇ ਹੋਰਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਗਲੇਰੀ ਜਾਂਚ ਵਿਚ ਜੁਟੀ ਹੋਈ ਹੈ।
ਲੜਕੀ ਨੂੰ ਪਿਆਰ ਕਰਨ ਵਾਲਾ ਨੌਜਵਾਨ ਵੀ ਫਿਲਹਾਲ ਲਾਪਤਾ ਹੈ। ਜਾਣਕਾਰੀ ਮੁਤਾਬਕ ਕਲਾਇਤ ਨੇੜਲੇ ਪਿੰਡ ਦੀ ਰਹਿਣ ਵਾਲੀ ਲੜਕੀ ਅਤੇ ਹਿਸਾਰ ਦੇ ਇਕ ਪਿੰਡ ਦੇ ਨੌਜਵਾਨ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ। ਕਈ ਦਿਨ ਪਹਿਲਾਂ ਉਕਤ ਨੌਜਵਾਨ ਲੜਕੀ ਨੂੰ ਮਿਲਣ ਲਈ ਉਸ ਦੇ ਪਿੰਡ ਤੋਂ ਕਲਾਇਤ ਪਿੰਡ ਪਹੁੰਚਿਆ। ਇਲਜ਼ਾਮ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੜਕੀ ਅਤੇ ਲੜਕੇ ਦੇ ਸਬੰਧਾਂ ਬਾਰੇ ਪਤਾ ਚੱਲਿਆ।
ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਵੀ ਘਰ ‘ਚ ਬੰਧਕ ਬਣਾ ਲਿਆ। ਪੁਲਿਸ ਦੇ ਧਿਆਨ ਵਿਚ ਆਇਆ ਕਿ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਲਾਪਤਾ ਹੈ। ਕਲਾਇਤ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਪੁਲਿਸ ਸੁਰੱਖਿਆ ਏਜੰਟ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਕਲਾਇਤ ਥਾਣੇ ਵਿਚ ਦਰਜ ਹੋਏ ਇੱਕ ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਜਾਣਕਾਰੀ ਲੈਣ ਲਈ ਸ਼ੁੱਕਰਵਾਰ ਨੂੰ ਉਹਨਾਂ ਦੇ ਪਿੰਡ ਪੁੱਜੇ ਸਨ।
ਉਸ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਅਤੇ ਲੜਕੀ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਹਨ। 14 ਸਤੰਬਰ ਦੀ ਦੁਪਹਿਰ ਨੂੰ ਲੜਕੀ ਇੱਕ ਨੌਜਵਾਨ ਨਾਲ ਜਾਣ ਦੀ ਤਿਆਰੀ ਕਰ ਰਹੀ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧੀ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੜਕੀ ਨੂੰ ਘਰ ਵਿਚ ਕੈਦ ਕਰ ਲਿਆ ਅਤੇ ਬਾਅਦ ਵਿਚ ਉਸ ਦਾ ਕਤਲ ਕਰ ਦਿੱਤਾ।
ਐਸਏ ਨੇ ਦੱਸਿਆ ਕਿ ਇਸ ਤੋਂ ਬਾਅਦ ਸਬੂਤ ਨਸ਼ਟ ਕਰਨ ਲਈ ਪਿੰਡ ਵਿਚ ਹੀ ਲੜਕੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਲੜਕੀ ਦੇ ਕਤਲ ਵਿਚ ਉਸ ਦੀ ਮਾਂ, ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਲੜਕੀ ਨੂੰ ਪਿਆਰ ਕਰਨ ਵਾਲਾ ਨੌਜਵਾਨ ਵੀ ਲਾਪਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਇਆ ਹੈ।
ਕਲਾਇਤ ਥਾਣੇ ਵਿਚ ਹਿਸਾਰ ਦੇ ਇੱਕ ਪਿੰਡ ਵਾਸੀ ਨੌਜਵਾਨ ਦੇ ਪਿਤਾ ਨੇ ਸ਼ਿਕਾਇਤ ਕੀਤੀ ਹੈ ਕਿ ਕੈਥਲ ਦੇ ਇੱਕ ਪਿੰਡ ਵਿਚ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਹੈ। ਉਸ ਦਾ ਲੜਕਾ ਇਕ ਲੜਕੀ ਨੂੰ ਮਿਲਣ ਘਰ ਤੋਂ ਕੈਥਲ ਪਿੰਡ ਪਹੁੰਚਿਆ ਸੀ। ਉਦੋਂ ਤੋਂ ਉਸ ਦੇ ਪੁੱਤਰ ਦਾ ਕੋਈ ਸੁਰਾਗ ਨਹੀਂ ਮਿਲਿਆ। ਕਲਾਇਤ ਦੇ ਡੀਐਸਪੀ ਸੱਜਣ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਤੱਥ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਮਾਤਾ-ਪਿਤਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਦਾ ਪਤਾ ਲਗਾਇਆ ਜਾ ਰਿਹਾ ਹੈ।