ਬਠਿੰਡਾ| ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਥੋਂ ਤੱਕ ਕਿ ਜੇਲ੍ਹ ਅੰਦਰੋਂ ਗੈਂਗਸਟਰ ਦੀ ਇੰਟਰਵਿਊ ਵੀ ਜਨਤਕ ਹੋ ਚੁੱਕੀ ਹੈ। ਹੁਣ ਇੱਕ ਵਾਰ ਫਿਰ ਬਠਿੰਡਾ ਜੇਲ੍ਹ ਵਿਚ ਨਸ਼ਾ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਨਸ਼ੀਲਾ ਪਦਾਰਥ ਜੇਲ੍ਹ ਪ੍ਰਸ਼ਾਸਨ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਦਰਅਸਲ, ਬਠਿੰਡਾ ਕੇਂਦਰੀ ਜੇਲ੍ਹ ਦੇ ਬਾਹਰੋਂ ਕਿਸੇ ਵਿਅਕਤੀ ਨੇ ਜੇਲ੍ਹ (ਲਾਂਘੇ) ਦੇ ਅੰਦਰ ਨਸ਼ੀਲੇ ਪਦਾਰਥ ਸੁੱਟੇ ਸਨ। ਇਸ ਵਿਚ 145 ਨਸ਼ੀਲੇ ਕੈਪਸੂਲ ਤੋਂ ਇਲਾਵਾ ਚਿੱਟਾ ਅਤੇ ਐਲ-ਆਰਜੀਨਾਈਨ ਸਮੇਤ ਜ਼ਰਦਾ ਦੇ 40 ਪੈਕੇਟ ਸ਼ਾਮਲ ਹਨ। ਜੇਲ੍ਹ ਪ੍ਰਬੰਧਕਾਂ ਅਨੁਸਾਰ ਇਹ ਨਸ਼ੀਲਾ ਪਦਾਰਥ 23 ਮਾਰਚ ਨੂੰ ਜੇਲ੍ਹ ਅੰਦਰ ਸੁੱਟਿਆ ਗਿਆ ਸੀ। ਇਸ ਤੋਂ ਬਾਅਦ ਡਿਊਟੀ ‘ਤੇ ਮੌਜੂਦ ਸਟਾਫ਼ ਵੱਲੋਂ ਇਸ ਨੂੰ ਬਰਾਮਦ ਕਰ ਲਿਆ ਗਿਆ।
ਬਠਿੰਡਾ ਜੇਲ੍ਹ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਥਾਣਾ ਕੈਂਟ ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਹੁਣ ਤੱਕ ਜੇਲ੍ਹ ਅੰਦਰ ਨਸ਼ਾ ਸੁੱਟਣ ਵਾਲੇ ਵਿਅਕਤੀ ਦਾ ਸੁਰਾਗ ਨਹੀਂ ਮਿਲਿਆ ਹੈ। ਫਿਲਹਾਲ ਪੁਲਿਸ ਇਸ ਗੱਲ ਦਾ ਵੀ ਪਤਾ ਨਹੀਂ ਲਗਾ ਸਕੀ ਹੈ ਕਿ ਇਹ ਨਸ਼ਾ ਜੇਲ੍ਹ ਦੀ ਕਿਹੜੀ ਬੈਰਕ ਦੇ ਕੈਦੀ ਲਈ ਸੁੱਟਿਆ ਗਿਆ ਸੀ। ਉਂਜ, ਬਠਿੰਡਾ ਕੇਂਦਰੀ ਜੇਲ੍ਹ ਉੱਚ ਸੁਰੱਖਿਆ ਵਾਲੀ ਜੇਲ੍ਹ ਹੈ।