ਨਸ਼ੇੜੀ ਪੁੱਤ ਬਣਿਆ ਕਪੁੱਤ ! ਨਸ਼ਾ ਕਰਨ ਤੋਂ ਰੋਕਣ ‘ਤੇ ਪਿਓ ਦਾ ਤਲਵਾਰ ਨਾਲ ਕੀਤਾ ਕਤਲ

0
649

ਫ਼ਿਰੋਜ਼ਪੁਰ, 4 ਅਕਤੂਬਰ | ਜ਼ਿਲੇ ਦੇ ਜ਼ੀਰਾ ਕਸਬੇ ਵਿਚ ਆਪਣੇ ਪੁੱਤਰ ਨੂੰ ਨਸ਼ੇ ਤੋਂ ਰੋਕਣਾ ਪਿਤਾ ਨੂੰ ਮਹਿੰਗਾ ਸਾਬਤ ਹੋਇਆ। ਪੁੱਤ ਨੇ ਪਿਤਾ ‘ਤੇ ਤਲਵਾਰ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਰਛਪਾਲ ਸਿੰਘ (48) ਵਾਸੀ ਮੁਹੱਲਾ ਮੱਲਸੀਆ ਜ਼ੀਰਾ ਆਪਣੇ ਲੜਕੇ ਪ੍ਰਭਜੀਤ ਸਿੰਘ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਪੁੱਤਰ ਅਤੇ ਪਿਤਾ ਵਿਚਕਾਰ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਬੀਤੇ ਦਿਨ ਰਛਪਾਲ ਸਿੰਘ ਨੇ ਆਪਣੇ ਲੜਕੇ ਪ੍ਰਭਜੀਤ ਨੂੰ ਨਸ਼ਾ ਕਰਨ ਤੋਂ ਰੋਕਿਆ, ਜਿਸ ਕਾਰਨ ਪ੍ਰਭਜੀਤ ਸਿੰਘ ਨੇ ਗੁੱਸੇ ‘ਚ ਆ ਕੇ ਆਪਣੇ ਪਿਤਾ ਰਕਸ਼ਪਾਲ ਸਿੰਘ ‘ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

ਹਮਲੇ ਵਿਚ ਰਕਸ਼ਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਜ਼ੀਰਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਿਆਦਾ ਖੂਨ ਵਹਿਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਰਛਪਾਲ ਸਿੰਘ ਦੀ ਪਤਨੀ ਮੁਹੱਲਾ ਮੱਲਸੀਆ ਜ਼ੀਰਾ ਦੀ ਰਹਿਣ ਵਾਲੀ ਮਨਬੀਰ ਕੌਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਭਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।