ਕਰੈਕਟਰ ‘ਤੇ ਸ਼ੱਕ : ਪਤਨੀ ਦਾ ਕਤਲ ਕਰਕੇ 6 ਟੁਕੜੇ ਕੀਤੇ; 2 ਮਹੀਨੇ ਤੱਕ ਪਾਣੀ ਦੀ ਟੈਂਕੀ ‘ਚ ਲੁਕੋ ਕੇ ਰੱਖੀ ਲਾਸ਼

0
541

ਬਿਲਾਸਪੁਰ| ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨਕਲੀ ਨੋਟਾਂ ਦੇ ਗੈਰ-ਕਾਨੂੰਨੀ ਧੰਦੇ ‘ਚ ਲੱਗੇ ਇਕ ਨੌਜਵਾਨ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਤਾਂ 6 ਟੁਕੜਿਆਂ ‘ਚ ਕੱਟੀ ਹੋਈ ਔਰਤ ਦੀ ਲਾਸ਼ ਨਕਲੀ ਨੋਟ, ਨੋਟ ਛਾਪਣ ਵਾਲੀ ਮਸ਼ੀਨ ਸਮੇਤ ਟੈਂਕੀ ‘ਚੋਂ ਮਿਲੀ। ਇਹ ਲਾਸ਼ ਪਾਣੀ ਦੀ ਟੈਂਕੀ ਵਿੱਚ ਰੱਖੀ ਹੋਈ ਸੀ। ਮੁਲਜ਼ਮ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੇ ਆਪਣੀ ਪਤਨੀ ਦਾ ਕਤਲ ਕਰਕੇ ਉਸ ਨੂੰ ਕੱਟ ਕੇ ਲਾਸ਼ ਨੂੰ ਲੁਕੋ ਦਿੱਤਾ ਸੀ। ਉਸ ਨੇ ਇਹ ਕਤਲ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਦੇ ਕਾਰਨ ਕੀਤਾ ਹੈ।

ਦਰਅਸਲ, ਜਦੋਂ ਪੁਲਿਸ ਨਕਲੀ ਨੋਟਾਂ ਦੀ ਭਾਲ ਵਿਚ ਦੋਸ਼ੀ ਦੇ ਘਰ ਪਹੁੰਚੀ ਤਾਂ ਉਸ ਦੇ ਘਰ ਦੀ ਹਾਲਤ ਹੈਰਾਨ ਕਰਨ ਵਾਲੀ ਸੀ। ਪੁਲਿਸ ਨੂੰ ਘਰ ਵਿਚੋਂ ਮੁਸ਼ਕ ਆ ਰਹੀ ਸੀ। ਇਸ ਦੌਰਾਨ ਪੁਲਿਸ ਨੇ ਜਿਵੇਂ ਹੀ ਸਿੰਟੈਕਸ ਟੈਂਕੀ ਦਾ ਢੱਕਣ ਖੋਲ੍ਹਿਆ ਤਾਂ ਲਾਸ਼ ਟੁਕੜਿਆਂ ‘ਚ ਕੱਟੀ ਹੋਈ ਮਿਲੀ, ਦੋਸ਼ੀ ਪਵਨ ਨੇ ਦੱਸਿਆ ਕਿ ਲਾਸ਼ ਉਸ ਦੀ ਪਤਨੀ ਸਤੀ ਸਾਹੂ ਦੀ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਕਰੀ ਟੀਆਈ ਸਾਗਰ ਪਾਠਕ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸਲਾਪੁਰ ਰੇਲਵੇ ਸਟੇਸ਼ਨ ਦੇ ਪਿੱਛੇ ਰਹਿਣ ਵਾਲਾ ਪਵਨ ਸਿੰਘ ਠਾਕੁਰ ਨਕਲੀ ਨੋਟਾਂ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉਸਲਾਪੁਰ ਓਵਰਬ੍ਰਿਜ ਦੇ ਕੋਲ ਉਸਨੂੰ ਜਾਅਲੀ ਕਰੰਸੀ ਸਮੇਤ ਕਾਬੂ ਕਰ ਲਿਆ ਅਤੇ ਫਿਰ ਜਦੋਂ ਉਸ ਦੇ ਘਰ ਛਾਪਾ ਮਾਰਿਆ ਗਿਆ ਤਾਂ 500 ਅਤੇ 200 ਦੇ ਨਕਲੀ ਨੋਟਾਂ ਦੇ ਬੰਡਲ ਮਿਲੇ।

ਪੁੱਛਗਿੱਛ ਦੌਰਾਨ ਦੋਸ਼ੀ ਪਵਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਉਸ ਦੀ ਵੱਡੀ ਬੇਟੀ 5 ਸਾਲ ਅਤੇ ਬੇਟਾ 3 ਸਾਲ ਦਾ ਹੈ। ਉਹ ਇੱਥੇ ਐਨਟੀਪੀ ਮੁਲਾਜ਼ਮ ਮਾਸੂਮ ਅੱਕਾ ਦੇ ਘਰ ਕਿਰਾਏ ’ਤੇ ਰਹਿੰਦਾ ਸੀ ਅਤੇ ਸੀਸੀਟੀਵੀ ਕੈਮਰਿਆਂ ਨੂੰ ਚਲਾਉਣ ਅਤੇ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਉਸਨੂੰ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਸੀ ਕਿ ਉਹ ਕਿਸੇ ਹੋਰ ਲੜਕੇ ਨਾਲ ਗੱਲ ਕਰਦੀ ਹੈ। ਜਿਸ ਕਾਰਨ ਉਸ ਨੇ ਬੀਤੀ 5 ਜਨਵਰੀ ਨੂੰ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ।

ਦੋਸ਼ੀ ਪਵਨ ਸਿੰਘ ਠਾਕੁਰ ਨੇ ਪਤਨੀ ਸਤੀ ਸਾਹੂ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਇਸ ਲਈ ਲੜਕੀ ਦੇ ਮਾਤਾ-ਪਿਤਾ ਨੇ ਬੇਟੀ ਦੀ ਜ਼ਿਆਦਾ ਪ੍ਰਵਾਹ ਨਹੀਂ ਕੀਤੀ। ਘਟਨਾ ਦੇ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਜਾਂਚ ਨਹੀਂ ਕੀਤੀ। ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਕੋਈ ਸੁਰਾਗ ਨਹੀਂ ਸੀ। ਮੁਲਜ਼ਮ ਬੱਚਿਆਂ ਨੂੰ ਕੰਮ ਲਈ ਬਾਹਰ ਜਾਣ ਦੇ ਬਹਾਨੇ ਉਨ੍ਹਾਂ ਦੇ ਮਾਪਿਆਂ ਕੋਲ ਪਿੰਡ ਛੱਡ ਗਿਆ ਸੀ।

ਪੁਲਸ ਦੀ ਪੁੱਛਗਿੱਛ ‘ਚ ਇਹ ਵੀ ਪਤਾ ਲੱਗਾ ਹੈ ਕਿ ਸਤੀ ਸਾਹੂ ਪਤਨੀ ਪਵਨ ਸਿੰਘ ਵਾਸੀ ਮੁੰਗੇਲੀ ਦੇ ਦਾਊਪੁਰਾ ਦੀ ਰਹਿਣ ਵਾਲੀ ਸੀ। ਕਰੀਬ 10 ਸਾਲ ਪਹਿਲਾਂ ਉਨ੍ਹਾਂ ਦੀ ਦੋਸਤੀ ਹੋਈ ਸੀ। ਵਿਆਹ ਤੋਂ ਬਾਅਦ ਦੋਵੇਂ ਉਸਲਾਪੁਰ ਰਹਿਣ ਲੱਗੇ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀ ਪਵਨ ਸਿੰਘ ਠਾਕੁਰ ਨੂੰ ਉਸ ਦੇ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜੋ ਨਕਲੀ ਨੋਟ ਬਣਾ ਕੇ ਬਾਜ਼ਾਰ ‘ਚ ਵੇਚਦਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਅੱਜ ਇਸ ਸਬੰਧੀ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ।