ਮੰਗਣੀ ਮੌਕੇ ਨਹੀਂ ਮਿਲੀ ‘ਹੀਰੇ ਦੀ ਅੰਗੂਠੀ’ ਤਾਂ ਕੁੜੀ ਦੀ ਕੁੱਟਮਾਰ ਕਰਕੇ ਤੋੜਿਆ ਰਿਸ਼ਤਾ

0
836

ਜਲੰਧਰ | ਜਲੰਧਰ ਦੀ ਰਾਮਾਂ ਮੰਡੀ ਵਿੱਚ ਇਕ ਹੋਟਲ ‘ਚ ਚੱਲ ਰਹੇ ਮੰਗਣੀ ਸਮਾਰੋਹ ਵਿੱਚ ਹੀਰੇ ਦੀ ਅੰਗੂਠੀ ਦੀ ਮੰਗ ਨੂੰ ਲੈ ਕੇ ਮੁੰਡੇ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ‘ਚ ਹੰਗਾਮਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਧਿਰਾਂ ਹੱਥੋਪਾਈ ‘ਤੇ ਉਤਰ ਆਈਆਂ।

ਜਿਥੇ ਹੀਰੇ ਦੀ ਅੰਗੂਠੀ ਨਾ ਮਿਲਣ ਕਾਰਨ ਇਹ ਮੰਗਣੀ ਟੁੱਟ ਗਈ, ਉਥੇ ਮੁੰਡੇ ਵਾਲਿਆਂ ‘ਤੇ ਕੁੜੀ ਨੂੰ ਵਾਲਾਂ ਤੋਂ ਫੜ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਵੀ ਲੱਗੇ ਹਨ। ਮੁੰਡੇ ਵਾਲੇ ਅੰਗੂਠੀ ਨਾ ਮਿਲਣ ਕਾਰਨ ਅਤੇ ਕੁੱਟਮਾਰ ਕਰਕੇ ਫ਼ਰਾਰ ਹੋ ਗਏ।

ਕੁੜੀ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਭਾਲ ਆਰੰਭ ਦਿੱਤੀ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰ ਨੇ ਬਿਆਨ ਵਿੱਚ ਕਿਹਾ ਹੈ ਕਿ ਮੰਗਣੀ ਤੈਅ ਹੋਣ ਤੋਂ ਪਹਿਲਾਂ ਮੁੰਡੇ ਵਾਲਿਆਂ ਨੇ ਹੀਰੇ ਦੀ ਅੰਗੂਠੀ ਦੀ ਮੰਗ ਨਹੀਂ ਕੀਤੀ ਸੀ ਪਰ ਜਦੋਂ ਐਤਵਾਰ ਨੂੰ ਮੰਗਣੀ ਦੌਰਾਨ ਅੰਗੂਠੀਆਂ ਬਦਲਣ ਦੀ ਰਸਮ ਸ਼ੁਰੂ ਹੋਈ ਤਾਂ ਮੁੰਡੇ ਵਾਲਿਆਂ ਨੇ 2 ਹੀਰੇ ਦੀਆਂ ਅੰਗੂਠੀਆਂ, ਸੋਨੇ ਦੇ ਕੜੇ ਅਤੇ ਵਾਲੀਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਮੰਗਣੀ ਕਰਵਾਉਣ ਵਾਲੇ ਵਿਚੋਲੇ ਨੂੰ ਵੀ ਉਥੇ ਬੁਲਾਇਆ ਗਿਆ। ਉਸ ਨੇ ਦੱਸਿਆ ਕਿ ਮੁੰਡੇ ਦਾ ਪਹਿਲਾਂ ਵਿਆਹ ਹੋ ਚੁੱਕਾ ਹੈ ਅਤੇ 2 ਬੱਚੇ ਵੀ ਹਨ। ਉਹ ਆਪਣੀ ਪਹਿਲੀ ਪਤਨੀ ਨੂੰ ਛੱਡ ਚੁੱਕਾ ਹੈ। ਇਸ ‘ਤੇ ਕੁੜੀ ਵਾਲੇ ਮੰਗਣੀ ਕਰਨ ਵਾਲੇ ਪਰਿਵਾਰ ਵਿਰੁੱਧ ਭੜਕ ਗਏ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁੰਡੇ ਵਾਲਿਆਂ ਨੇ ਕੁੜੀ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਅਤੇ ਘਸੀਟਿਆ। ਪੁਲਿਸ ਨੂੰ ਸੱਦਣ ‘ਤੇ ਮੁੰਡੇ ਵਾਲੇ ਸਾਮਾਨ ਅਤੇ ਤੋਹਫ਼ੇ ਹੋਟਲ ਵਿੱਚ ਹੀ ਛੱਡ ਕੇ ਭੱਜ ਗਏ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਹੋਟਲ ਪ੍ਰਬੰਧਕਾਂ ਤੋਂ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਆਰੋਪੀ ਮੁੰਡੇ ਵਾਲੇ ਫਰਾਰ ਹਨ। ਪੁਲਿਸ ਦਾ ਦਾਅਵਾ ਹੈ ਕਿ ਛੇਤੀ ਹੀ ਕਥਿਤ ਆਰੋਪੀਆਂ ਨੁੰ ਕਾਬੂ ਕਰ ਲਿਆ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)