ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ, ਪਟਪੜਗੰਜ ਤੋਂ ਮਨੀਸ਼ ਸਿਸੋਦੀਆ ਦੀ ਥਾਂ UPSC ਅਧਿਆਪਕ ਓਝਾ ਲੜਣਗੇ ਚੋਣ

0
386

ਨਵੀਂ ਦਿੱਲੀ, 9 ਦਸੰਬਰ | ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ (9 ਨਵੰਬਰ) ਨੂੰ ਦੂਜੀ ਸੂਚੀ ਜਾਰੀ ਕੀਤੀ। ਇਸ ਵਿਚ 20 ਉਮੀਦਵਾਰਾਂ ਦੇ ਨਾਂ ਹਨ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਚੋਣ ਲੜਨਗੇ। ਪਹਿਲਾਂ ਉਹ ਪਟਪੜਗੰਜ ਤੋਂ ਚੋਣ ਲੜਦੇ ਸਨ।

‘ਆਪ’ ਨੇ UPSC ਅਧਿਆਪਕ ਅਵਧ ਓਝਾ ਨੂੰ ਪਟਪੜਗੰਜ ਤੋਂ ਉਮੀਦਵਾਰ ਬਣਾਇਆ ਹੈ। ਓਝਾ 2 ਦਸੰਬਰ ਨੂੰ ਹੀ ਪਾਰਟੀ ਵਿਚ ਸ਼ਾਮਲ ਹੋਏ ਸਨ। ‘ਆਪ’ ਦੀ ਪਹਿਲੀ ਸੂਚੀ 21 ਨਵੰਬਰ ਨੂੰ ਆਈ ਸੀ, ਜਿਸ ਵਿਚ 11 ਉਮੀਦਵਾਰਾਂ ਦੇ ਨਾਂ ਸਨ। ਇਸ ਵਿਚ ਭਾਜਪਾ ਅਤੇ ਕਾਂਗਰਸ ਦੇ 6 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਇਸ ਦੇ ਨਾਲ ਹੀ ‘ਆਪ’ ਨੇ ਤਿਮਾਰਪੁਰ ਤੋਂ ਮੌਜੂਦਾ ਵਿਧਾਇਕ ਦਲੀਪ ਪਾਂਡੇ ਦੀ ਟਿਕਟ ਰੱਦ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ‘ਤੇ ਦੋ ਦਿਨ ਪਹਿਲਾਂ ਭਾਜਪਾ ਤੋਂ ‘ਆਪ’ ‘ਚ ਸ਼ਾਮਲ ਹੋਏ ਸੁਰਿੰਦਰਪਾਲ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ 2025 ਨੂੰ ਖਤਮ ਹੋ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਫਰਵਰੀ 2020 ਵਿਚ ਹੋਈਆਂ ਸਨ, ਜਿਸ ਵਿਚ ‘ਆਪ’ ਨੇ ਪੂਰਨ ਬਹੁਮਤ ਅਤੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ। ਭਾਜਪਾ ਸਿਰਫ਼ 8 ਸੀਟਾਂ ਜਿੱਤਣ ‘ਚ ਕਾਮਯਾਬ ਰਹੀ। ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।