ਚੰਡੀਗੜ੍ਹ, 3 ਦਸੰਬਰ| ਸਿਟੀ ‘ਚ ਚਾਕੂ ਨਾਲ ਵਾਰ ਕੀਤੇ ਗਏ ਨੌਜਵਾਨ ਦੀ 3 ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਹੁਣ ਚੰਡੀਗੜ੍ਹ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦੇ ਇਸ ਮਾਮਲੇ ਵਿੱਚ ਕਤਲ ਦੀ ਧਾਰਾ 302 ਵੀ ਲਗਾ ਦਿੱਤੀ ਹੈ। ਇਹ ਘਟਨਾ ਬੁੱਧਵਾਰ ਨੂੰ ਸੈਕਟਰ 25 ਵਿੱਚ ਵਾਪਰੀ। ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਹਨ। ਪੁਲਿਸ ਹੁਣ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।
18 ਸਾਲਾ ਮੁਕੁਲ ਉਰਫ ਰਿਸ਼ੀ ਬੁੱਧਵਾਰ ਦੁਪਹਿਰ ਸੈਕਟਰ-25 ਸਥਿਤ ਕਾਲਜ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਸੈਕਟਰ-25 ਕੋਲ ਪਹੁੰਚਿਆ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ‘ਚੋਂ ਇਕ ਨੇ ਚਾਕੂ ਕੱਢ ਕੇ ਮੁਕੁਲ ਦੇ ਪੇਟ ‘ਚ ਵਾਰ ਕਰ ਦਿੱਤੇ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਅੱਜ ਤੜਕੇ 2 ਵਜੇ ਮੁਕੁਲ ਦੀ ਮੌਤ ਹੋ ਗਈ। ਮੁਕੁਲ ਦੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਸੈਕਟਰ-24 ਦਾ ਵਸਨੀਕ ਹੈ ਅਤੇ ਦੂਜਾ ਸੈਕਟਰ-25 ਦਾ ਵਸਨੀਕ ਹੈ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਵੀ ਹੈ।