ਮੁੱਖ ਮੰਤਵ ਕੋਵਿਡ-19 ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਉਦਯੋਗਿਕ ਇਕਾਈਆ ਨੂੰ ਰਾਹਤ ਪਹੁੰਚਾਉਣਾ
ਜਲੰਧਰ . ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜਿਜ਼ ਦੇ ਮਾਲਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਔਖੀ ਘੜੀ ਵਿੱਚ ਉਨਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਮੈਕਸੀਮਮ ਮਾਈਲੇਜ ਆਫ ਐਮਰਜੰਸੀ ਕਰੈਡਿਟ ਲਾਈਨ ਗਾਰੰਟੀ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਐਮਰਜੰਸੀ ਕਰੈਡਿਟ ਲਾਈਨ ਗਾਰੰਟੀ ਦੇ ਨਾਮ ਵਾਲੀ ਨਵੀਂ ਸਕੀਮ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜ਼ਿਜ਼ ਉਦਯੋਗਾਂ ਨੂੰ ਉਨਾਂ ਦੀ ਕਰੈਡਿਟ ਸਮਰੱਥਾ ਤੋਂ 20 ਪ੍ਰਤੀਸ਼ਤ ਜ਼ਿਆਦਾ ਪੂੰਜੀ ਬਿਨਾਂ ਕਿਸੇ ਜਮ੍ਹਾਂ ਦੇ ਮੁਹੱਈਆ ਕਰਵਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯੋਗ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜ਼ਿਜ਼ ਉਦਯੋਗਾਂ ਅਤੇ ਵਿੱਤੀ ਸੰਸਥਾਵਾਂ ਨਾਲ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਵੀ ਬਿਹਤਰ ਤਾਲਮੇਲ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਸੂਬੇ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਮੁੜ ਲੀਹਾਂ ‘ਤੇ ਲਿਆਉਣ ਲਈ ਐਮਰਜੰਸੀ ਕਰੈਡਿਟ ਲਾਈਨ ਗਾਰੰਟੀ ਸਕੀਮ ਸੈਲ ਦਾ ਡਾਇਰੈਕਟਰ ਉਦਯੋਗ ਪੰਜਾਬ ਦੇ ਦਫ਼ਤਰ ਵਿਖੇ ਜਿਸ ਵਿੱਚ ਕੰਸਲਟੈਂਟ ਪੰਜਾਬ ਬਿਊਰੋ ਇਨਵੈਸਮੈਂਟ ਪ੍ਰਮੋਸ਼ਨ ਸ੍ਰੀ ਤੁਸ਼ਾਰ ਤੁਲਸੀਆਂ, ਚੀਫ਼ ਮੇਨੈਜਰ-ਕਮ-ਨੋਡਲ ਅਫ਼ਸਰ ਸਟੇਟ ਲੈਵਲ ਬੈਂਕਰਸ ਕਮੇਟੀ ਸ੍ਰੀ ਨਰੇਸ਼ ਕੁਮਾਰ ਸ਼ਰਮਾ ਅਤੇ ਜਾਇੰਟ ਡਾਇਰੈਕਟਰ (ਕਰੈਡਿਟ) , ਉਦਯੋਗ ਤੇ ਵਪਾਰ ਵਿਭਾਗ ਪੰਜਾਬ ਸ੍ਰੀ ਸਰਬਜੀਤ ਸਿੰਘ ਨੂੰ ਸ਼ਾਮਿਲ ਕਰਕੇ ਗਠਨ ਕੀਤਾ ਗਿਆ ਹੈ। ਸ੍ਰੀ ਥੋਰੀ ਨੇ ਕਿਹਾ ਕਿ ਕਰਜ਼ ਦੀ ਪ੍ਰਵਾਨਗੀ ਅਤੇ ਵੰਡ ਲਈ ਜੇਕਰ ਐਮ.ਐਸ.ਐਮ.ਈ.ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸ੍ਰੀ ਤੁਸ਼ਾਰ ਤੁਲਸੀਆਂ ਜਾਂ ਸਿੱਧੇ ਡਾਇਰੈਕਟਰ ਉਦਯੋਗ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਇਸ ਸਕੀਮ ਦਾ ਨਿਯਮਤ ਤੌਰ ‘ਤੇ ਜਾਇਜ਼ਾ ਲੈਣਗੇ ਤਾਂ ਜੋ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜਿਜ਼ ਨੂੰ ਇਸ ਮਹੀਨੇ ਦੇ ਅੰਤ ਤੱਕ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਇਸ ਸਕੀਮ ਅਧੀਨ 15 ਜੁਲਾਈ ਤੱਕ ਅਪਲਾਈ ਕੀਤੇ ਗਏ ਕਰਜ਼ ਦੀ 100 ਪ੍ਰਤੀਸ਼ਤ ਪ੍ਰਵਾਨਗੀ ਅਤੇ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਵੰਡ ਨੂੰ ਯਕੀਨੀ ਬਣਾਇਆ ਜਾਵੇ। ਸ੍ਰੀ ਥੋਰੀ ਨੇ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਉਦਯੋਗਾਂ ਦੀ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਦੌਰਾਨ ਪੈਦਾ ਹੋਈ ਇਸ ਔਖੀ ਘੜੀ ਵਿਚੋਂ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜ਼ਿਜ ਨੂੰ ਬਾਹਰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।







































