ਲੁਧਿਆਣਾ ‘ਚ ਗਊ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੰਜਾਬ ਪੁਲਿਸ ਦੇ ਹੋਮ ਗਾਰਡ ਸਣੇ 3 ਤਸਕਰ ਗ੍ਰਿਫਤਾਰ

0
296

ਲੁਧਿਆਣਾ, 14 ਜਨਵਰੀ | ਖੰਨਾ ਵਿਚ ਪੁਲਿਸ ਨੇ ਗਊ ਤਸਕਰੀ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸ੍ਰੀ ਮਾਛੀਵਾੜਾ ਸਾਹਿਬ ਥਾਣਾ ਪੁਲਿਸ ਨੇ ਗਊ ਰੱਖਿਆ ਟੀਮ ਦੀ ਮਦਦ ਨਾਲ ਪੰਜਾਬ ਪੁਲਿਸ ਦੇ ਹੋਮ ਗਾਰਡ ਜਵਾਨ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ।

ਮਾਛੀਵਾੜਾ ਥਾਣੇ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿਚ ਗੁਰਦਾਸਪੁਰ ਦੇ ਪਿੰਡ ਮੱਲੀਆਂ ਦਾ ਰਹਿਣ ਵਾਲਾ ਰੌਬਿਨ ਮਸੀਹ, ਪਿੰਡ ਦੇਵਵਾਲ ਦਾ ਰਹਿਣ ਵਾਲਾ ਧਨਪਤੀ ਮਸੀਹ (ਹੋਮ ਗਾਰਡ) ਅਤੇ ਪਰਵਿੰਦਰ ਕੁਮਾਰ ਵਾਸੀ ਸਮਾਣਾ, ਪਟਿਆਲਾ ਸ਼ਾਮਲ ਹਨ। ਗਊ ਸੁਰੱਖਿਆ ਗਰੁੱਪ ਦੇ ਪੰਜਾਬ ਪ੍ਰਧਾਨ ਨਿਕਸਨ ਕੁਮਾਰ ਦੀ ਸੂਚਨਾ ‘ਤੇ ਕਾਰਵਾਈ ਕੀਤੀ ਗਈ।

ਗਊ ਰੱਖਿਅਕਾਂ ਨੇ ਪਿਛਲੇ 4-5 ਦਿਨਾਂ ਤੋਂ ਦੋਸ਼ੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੋਈ ਸੀ। ਅੱਧੀ ਰਾਤ ਨੂੰ ਮੁਲਜ਼ਮ ਪਵਾਤ ਨਹਿਰ ਦੇ ਪੁਲ ਨੇੜੇ ਇੱਕ ਸ਼ੈੱਡ ਵਿਚ ਬਲਦਾਂ ਨੂੰ ਪਿਕਅੱਪ ਵਿਚ ਲੱਦ ਰਹੇ ਸਨ। ਮੌਕੇ ‘ਤੇ 20 ਤੋਂ ਵੱਧ ਗਾਵਾਂ ਅਤੇ ਬਲਦ ਮੌਜੂਦ ਸਨ। ਸੂਚਨਾ ਮਿਲਦੇ ਹੀ ਐਸਐਚਓ ਪਵਿੱਤਰ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਐਸਐਚਓ ਨੇ ਦੱਸਿਆ ਕਿ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਗਾਵਾਂ ਅਤੇ ਬਲਦਾਂ ਦੀ ਤਸਕਰੀ ਕਰ ਕੇ ਜੰਮੂ-ਕਸ਼ਮੀਰ ਵਿਚ ਬੀਫ ਸਪਲਾਈ ਕਰਦਾ ਸੀ। ਇਸ ਗਿਰੋਹ ਵਿਚ ਹੋਰ ਕੌਣ-ਕੌਣ ਸ਼ਾਮਲ ਹੈ, ਇਹ ਪਤਾ ਲਗਾਉਣ ਲਈ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਗਿਰੋਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਅਤੇ ਹੁਣ ਤੱਕ ਕਿੰਨੀਆਂ ਗਾਵਾਂ ਦੀ ਤਸਕਰੀ ਕਰ ਚੁੱਕਾ ਹੈ।