ਸਲੇਮਪੁਰੀ ਦੀ ਚੂੰਡੀ ! ਕੋਰੋਨਾ ਵਾਇਰਸ ਬਨਾਮ ਸਾਧ ਤੇ ਵਪਾਰੀ

0
2691

ਦੋਸਤੋ ! ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਭਾਰਤ ਸਮੇਤ ਸਮੁੱਚੇ ਸੰਸਾਰ ਵਿੱਚ ਨਾ ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਸਾਰੇ ਦੇਸ਼ਾਂ ਵਿਚ ਇਸ ਬਿਮਾਰੀ ਨਾਲ ਨਜਿੱਠਣ  ਲਈ ਉਥੋਂ ਦੀਆਂ ਸਰਕਾਰਾਂ ਅਤੇ ਡਾਕਟਰਾਂ ਵਲੋਂ ਡਾਕਟਰੀ ਸੇਵਾਵਾਂ ਦੇ ਨਾਲ-ਨਾਲ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਭਾਰਤ ਵਿਚ ਵੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵਲੋਂ ਇਸ ਬਿਮਾਰੀ ਤੋਂ ਬਚਾਓ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰ ਇਸਦੇ ਨਾਲ-ਨਾਲ ਸਾਡੇ ਦੇਸ਼ ਵਿਚ ਦੋ ਵਰਗ ਜਿਸ ਵਿਚ ਪਾਖੰਡੀ ਸਾਧ ਅਤੇ ਵਪਾਰੀ ਸ਼ਾਮਲ ਹਨ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਲਈ ਸਰਗਰਮ ਹੋ ਰਹੇ ਹਨ।

ਲਾਲਚਵੱਸ਼ ਵਪਾਰੀਆਂ ਨੇ ‘ ਦਵਾਈਆਂ ਖਤਮ’ ਦੇ ਨਾਉਂ ਹੇਠ ਕੀਮਤਾਂ ਵਿਚ ਕਈ ਸੈਂਕੜੇ, ਹਜਾਰ ਫੀਸਦੀ ਵਾਧਾ ਕਰਕੇ ਲੁੱਟ-ਖਸੁੱਟ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸਾਡਾ ਰੱਬ ਬਣ ਕੇ ਬੈਠੇ ਪਾਖੰਡੀ ਸਾਧਾਂ ਨੇ ਇਸ ਵਾਇਰਸ ਤੋਂ ਬਚਾਓ ਅਤੇ ਇਲਾਜ ਲਈ ਧਾਗੇ-ਤਵੀਤਾਂ ਦੀ ਦੁਕਾਨਦਾਰੀ ਸ਼ੁਰੂ ਕਰ ਦੇਣੀ ਹੈ, ਕਿਸੇ ਇਲਾਕੇ ਵਿਚ ਮੋਰ ਦੇ ਖੰਭਾਂ ਨਾਲ, ਕਿਤੇ ਪਹਾੜੀ ਮਿੱਟੀ ਨਾਲ, ਕਿਤੇ ਖੂਹ/ਨਲਕੇ/ਛੱਪੜ ਦੇ ਪਾਣੀ ਨਾਲ ਇਲਾਜ ਸ਼ੁਰੂ ਹੋਣ ਵਾਲਾ ਹੈ। ਦਰਿਆਵਾਂ/ਨਹਿਰਾਂ ਵਿਚ ਨਾਰੀਅਲ ਛੱਡੇ ਜਾਣਗੇ, ਚੌਰਾਹਿਆਂ ਵਿਚ ਟੂਣੇ ਕੀਤੇ ਜਾਣਗੇ, ਮੁਰਗਿਆਂ/ਬੱਕਰਿਆਂ ਦੀ ਬਲੀਆਂ ਦਿੱਤੀਆਂ ਜਾਣਗੀਆਂ। ਸਾਧ ਇਸ ਵਾਇਰਸ ਨੂੰ ਕੁਦਰਤ ਦੀ ਕਰੋਪੀ, ਕਿਸੇ ਕਾਲਪਨਿਕ ਦੇਵਤੇ ਦਾ ਕ੍ਰੋਧ ਦੱਸ ਕੇ ਤਰ੍ਹਾਂ-ਤਰ੍ਹਾਂ ਦੇ ਮਹਿੰਗੇ ਉਪਾਅ ਦੱਸ ਕੇ ਕਮਾਈ ਕਰਨਗੇ।

ਮੇਰੇ ਦੋਸਤੋ ! ਸਾਵਧਾਨ ਰਹਿਣਾ ਮੌਕੇ ਦਾ ਫਾਇਦਾ ਉਠਾਉਣ ਵਾਲੇ ਵਪਾਰੀਆਂ ਅਤੇ ਪਾਖੰਡੀ ਸਾਧਾਂ ਤੋਂ। ਆਪਣੇ ਦਿਮਾਗ ਦੀ ਵਰਤੋਂ ਕਰਨਾ, ਵਿਗਿਆਨਿਕ ਸੋਚ ਰੱਖਣਾ ਅਤੇ ਤਰਕ ਦੇ ਅਧਾਰਿਤ ਗੱਲ ਕਰਕੇ ਸੰਭਾਵੀ ਮਾੜੀ ਸਥਿਤੀ ਨਾਲ ਨਜਿੱਠਣ ਲਈ  ਹੌਂਸਲਾ ਬੁਲੰਦ ਰੱਖਣਾ, ਡਾਕਟਰ ਦੀ ਸਲਾਹ ਲੈਣ ਤੋਂ ਕੰਨੀ ਨਹੀਂ ਕਤਰਾਉਣੀ ਜਦਕਿ ਪਾਖੰਡੀ ਸਾਧਾਂ ਅਤੇ ਵਪਾਰੀਆਂ ਤੋਂ ਸਾਵਧਾਨ ਰਹਿਣਾ ਜਿਹੜੇ ਹਮੇਸ਼ਾ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ।

-ਸੁਖਦੇਵ ਸਲੇਮਪੁਰੀ
09780620233

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।