ਹੁਸ਼ਿਆਰਪੁਰ . ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਡਰ ਦੇ ਮਾਹੌਲ ਵਿੱਚ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਅਜਿਹੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਹਨ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਇਹ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਕੋਰੋਨਾ ਦੇ ਮਰੀਜ਼ ਨੂੰ ਫੜਿਆ ਗਿਆ ਹੈ।
ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਇੱਕ ਬੰਦੇ ਨੂੰ ਰੋਕ ਕੇ ਜਾਂਚ ਕਰਦੀ ਹੈ। ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਫੜ ਕੇ ਐਂਬੂਲੈਂਸ ਵਿੱਚ ਲੈ ਜਾਇਆ ਜਾਂਦਾ ਹੈ। ਵੀਡੀਓ ਦੇ ਨਾਲ ਇੱਕ ਮੈਸੇਜ ਵੀ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਿਖਿਆ ਹੈ ਕਿ ਹੁਸ਼ਿਆਰਪੁਰ ਵਿੱਚ ਕੋਰੋਨਾ ਵਾਇਰਸ ਦਾ ਮਰੀਜ਼ ਮਿਲਿਆ।

ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਆ ਰਹੀਆਂ ਵੀਡੀਓਜ਼ ਸਿਰਫ ਮੌਕ ਡਰਿੱਲ ਦੀਆਂ ਹਨ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸੋਸ਼ਲ ਮੀਡੀਆ ਰਾਹੀਂ ਜੋ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਬ ਡਵੀਜ਼ਨ ਦਸੂਹਾ ਅਧੀਨ ਪੈਂਦੇ ਪਿੰਡਾਂ ਮੂਨਕ ਕਲਾਂ ਅਤੇ ਮੂਨਕ ਖ਼ੁਰਦ ਵਿੱਚ 14 ਮਾਰਚ ਨੂੰ ਕੀਤੀ ਗਈ ਮੌਕ ਡਰਿੱਲ ਦੀਆਂ ਹਨ।
ਡੀਸੀ ਨੇ ਕਿਹਾ- ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਮੌਕ ਡਰਿੱਲ ਦਾ ਉਦੇਸ਼ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਹੁੰਦਾ ਹੈ ਅਤੇ ਮੌਕ ਡਰਿੱਲ ਦੌਰਾਨ ਉਹੀ ਕਾਰਵਾਈ ਕੀਤੀ ਜਾਂਦੀ ਹੈ, ਜੋ ਕੋਰੋਨਾ ਦਾ ਮਰੀਜ਼ ਸਾਹਮਣੇ ਆਉਣ ਤੇ ਕੀਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।