ਨਵੀਂ ਦਿੱਲੀ . ਕੌਮਾਂਤਰੀ ਮੁਦਰਾ ਕੋਸ਼ IMF ਨੇ ਸੰਸਾਰ ਦੀ ਇਕੋਨਮੀ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਹੈ। IMF ਦਾ ਕਹਿਣਾ ਹੈ ਕਿ ਇਸ ਸਮੇਂ ਵਿਸ਼ਵ ਸਾਲ 1930 ਦੀ ਮਹਾਮੰਦੀ ਤੋਂ ਵੀ ਭਿਆਨਕ ਸੰਕਟ ਵਿੱਚ ਘਿਰ ਚੁੱਕੀ ਹੈ। ਜੇਕਰ ਕੋਰੋਨਾ ਮਹਾਮਾਰੀ ਲੰਮੀ ਚੱਲੀ ਤਾਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਲਈ ਸੰਕਟ ‘ਤੇ ਕਾਬੂ ਪਾਉਣਾ ਵੱਡੀ ਚੁਣੌਤੀ ਸਾਬਤ ਹੋਵੇਗਾ।
IMF ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਦਾ ਕਹਿਣਾ ਹੈ ਕਿ ਹੁਣ ਪੈਦਾ ਹੋਏ ਸੰਕਟ ਨਾਲ ਵਿਸ਼ਵ ਦੀ GDP ਵਿੱਚ ਨੌਂ ਖਰਬ ਡਾਲਰ ਦੀ ਕਮੀ ਆ ਸਕਦੀ ਹੈ। IMF ਦੀ ਹਾਲੀਆ ਰਿਪੋਰਟ ਵਿੱਚ ਬ੍ਰਿਟੇਨ, ਜਰਮਨੀ, ਜਾਪਾਨ ਵੱਲੋਂ ਮਹਾਮਾਰੀ ਖ਼ਿਲਾਫ਼ ਚੁੱਕੇ ਗਏ ਕਦਮਾ ਦੀ ਸ਼ਾਲਾਘਾ ਕੀਤੀ ਹੈ ਪਰ ਨਾਲ ਇਹ ਵੀ ਦੱਸਿਆ ਹੈ ਕਿ ਇਸ ਮਹਾਮਾਰੀ ਤੋਂ ਕੋਈ ਵੀ ਮੁਲਕ ਬਚ ਨਹੀਂ ਸਕਦਾ
ਗੋਪੀਨਾਥ ਦੇ ਕਹਿਣ ਮੁਤਾਬਿਕ ਜੇਕਰ ਸਾਲ 2020 ਦੇ ਜੂਨ ਵਿੱਚ ਕੋਰੋਨਾ ਮਹਾਮਾਰੀ ਘੱਟ ਹੋ ਜਾਂਦੀ ਹੈ ਤਾਂ ਅਗਲੇ ਸਾਲ ਜਨਵਰੀ ਤਕ ਕੌਮਾਂਤਰੀ ਪੱਧਰ ‘ਤੇ ਆਰਥਿਕ ਵਿਕਾਸ ਕੁਝ ਰਫ਼ਤਾਰ ਫੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 1930 ਦੀ ਮਹਾਮੰਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਸਥਿਤੀ ਨਾਲ ਸਾਹਮਣਾ ਹੋਇਆ ਹੈ। ਅਜਿਹੇ ਵਿੱਚ ਵਿਕਸਤ ਮੁਲਕ ਆਉਣ ਵਾਲੇ ਦੋ ਸਾਲਾਂ ਤਕ ਆਪਣੀ ਲੀਹ ‘ਤੇ ਨਹੀਂ ਪਰਤ ਸਕਣਗੇ।
ਅਰਥਸ਼ਾਸਤਰੀ ਮੁਤਾਬਕ ਅਗਲੇ ਸਾਲ ਵਿੱਚ ਅਮਰੀਕਾ ਦੀ ਬੇਰੁਜ਼ਗਾਰੀ ਦਰ 10.4 ਫ਼ੀਸਦੀ ਹੋਵੇਗੀ ਤੇ ਵਿਕਾਸ ਦਰ ਵਿੱਚ 5.9 ਫ਼ੀਸਦ ਕਮੀ ਹੋ ਆਵੇਗੀ। ਸਾਲ 1964 ਤੋਂ ਬਾਅਦ ਅਮਰੀਕਾ ਵਿੱਚ ਅਜਿਹੇ ਵਿੱਤੀ ਹਾਲਾਤ ਪਹਿਲੀ ਵਾਰ ਬਣਨਗੇ। ਗੋਪੀਨਾਥ ਨੇ ਆਰਥਕ ਮੰਦੀ ਤੋਂ ਬਚਣ ਲਈ ਕੋਰੋਨਾ ਵਾਇਰਸ ਦੀ ਰੋਕਥਾਮ ਕਰਨ ‘ਤੇ ਜ਼ੋਰ ਦਿੱਤਾ।