ਗਰੀਬਾਂ ਤਕ ਰਾਸ਼ਨ ਪਹੁੰਚਾਉਣ ਦੇ ਕੰਮ ‘ਚ ਤੇਜ਼ੀ ਲਿਆਉਣੀ ਚਾਹੀਦੀ : ਪ੍ਰਕਾਸ਼ ਸਿੰਘ ਬਾਦਲ

0
1168

ਚੰਡੀਗੜ੍ਹ . ਕੋਰੋਨਾ ਵਾਇਰਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾਵਾਇਰਸ ਤੋਂ ਵੀ ਮਾੜੇ ਪ੍ਰਭਾਵ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਲੌਕਡਾਊਨ ਦੇ ਫੈਸਲੇ ਦੀ ਸ਼ਾਲਾਘਾ ਵੀ ਕੀਤੀ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਹਾਲਾਤ ਕੋਰੋਨਾ ਬਿਮਾਰੀ ਤੋਂ ਵੀ ਵੱਧ ਖਤਰਨਾਕ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੁਰੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਗਰੀਬ ਖਾਸ ਆਦਮੀ ਦਰੜਿਆ ਜਾਵੇਗਾ, ਜਿਨ੍ਹਾਂ ਦੀ ਤੁਰੰਤ ਦੇਖਭਾਲ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਾਸਤੇ ਉਸੇ ਭਾਵਨਾ ਦੀ ਲੋੜ ਹੈ, ਜਿਸ ਤਰ੍ਹਾਂ ਦੀ ਭਾਵਨਾ ਲੋਕਾਂ ਅੰਦਰ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਵਿਖਾਈ ਦਿੱਤੀ ਸੀ, ਕਿਉਂਕਿ ਇਹ ਵੀ ਹਰ ਨਾਗਰਿਕ ਵਾਸਤੇ ਇਕ ਬਹੁਤ ਵੱਡੀ ਆਜ਼ਾਦੀ ਹੈ ਜੋ ਆਪਣੇ ਦੇਸ਼ ਪ੍ਰਤੀ ਜਿੱਤਣੀ ਹੈ।


ਉਨ੍ਹਾਂ ਨੇ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਤੇ ਆਰਥਿਕ ਮੰਦੀ ਨੂੰ ਇਸ ਮਹਾਂਮਾਰੀ ਦੇ ਤਿੰਨ ਮੌਜੂਦਾ, ਦਰਮਿਆਨੇ ਤੇ ਦੂਰਗਾਮੀ ਬੁਰੇ ਪ੍ਰਭਾਵ ਕਰਾਰ ਦਿੰਦਿਆਂ ਤਿੰਨਾਂ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਘੜਨ ਲਈ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਮਹਾਮਾਰੀ ਖ਼ਿਲਾਫ਼ ਜੰਗ ਲੜ ਰਹੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲੀਸ ਤੇ ਸਿਵਲ ਨੂੰ ਸਲਾਮ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਖ਼ਤ ਲੌਕਡਾਊਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਪਰ ਗਰੀਬਾਂ ਲਈ ਬਿਨਾਂ ਆਮਦਨ ਤੋਂ 6 ਹਫ਼ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਬਾਦਲ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਗਰੀਬਾਂ ਤਕ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਪਹੁੰਚਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰਾਂ ਵਿੱਚ ਜਾਣ ਲਈ ਯਾਤਰਾ ਦਾ ਸੁਰੱਖਿਅਤ ਸਾਧਨ ਪ੍ਰਦਾਨ ਕਰਨਾ ਚਾਹੀਦਾ ਹੈ।