ਲੁਧਿਆਣਾ ‘ਚ ਕੋਰੋਨਾ ਨੇ ਤੋੜੇ ਹੌਜ਼ਰੀ ਕਾਰੋਬਾਰ ਦੇ ਧਾਗੇ

0
933

ਲੁਧਿਆਣਾ (ਸੰਦੀਪ ਮਾਹਨਾ) .  ਹੌਜ਼ਰੀ ਉਦਯੋਗ ਦੇ ਗੜ੍ਹ ਮੰਨੇ ਜਾਂਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਲੋਕਡਾਊਨ ਨੇ ਛੋਟੇ ਵਪਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸਦੇ ਚੱਲਦਿਆਂ ਮਜ਼ਦੂਰਾਂ ਦਾ ਪਰਵਾਸ ਵੀ ਇੱਕ ਵੱਡੀ ਸਮੱਸਿਆ ਬਣ ਗਿਆ। ਲੁਧਿਆਣਾ ਦੇ ਹੌਜ਼ਰੀ ਉਦਯੋਗ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਹੈ ਅਤੇ ਇਹੀ ਕਾਰਨ ਹੈ ਕਿ ਇਸ ਸ਼ਹਿਰ ਨੂੰ ਭਾਰਤ ਦਾ ਮੈਨਚੇਸਟਰ ਕਿਹਾ ਜਾਂਦਾ ਹੈ ਪਰ ਇਸ ਸਮੇਂ ਉਦਯੋਗ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਸਨਅਤਕਾਰਾਂ ਦਾ ਕਹਿਣਾ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਆਪਣੀ ਲੇਬਰ ਨੂੰ ਰੋਕ ਨਹੀਂ ਪਾ ਰਹੇ। ਬੈਂਕ ਉਨ੍ਹਾਂ ਦੀਆਂ ਕਿਸ਼ਤਾਂ ਕੱਟ ਰਿਹਾ ਹੈ ਕਿਉਂਕਿ ਜੇ ਉਹ ਕਿਸ਼ਤ ਅਦਾ ਨਹੀਂ ਕਰਦੇ ਤਾਂ ਅਗਲੀ ਵਾਰ ਉਨ੍ਹਾਂ ਨੂੰ ਵਿਆਜ ਦੇਣਾ ਪਏਗਾ, ਇਸ ਕਰਕੇ ਛੋਟਾ ਉਦਯੋਗ ਬੰਦ ਹੋਣ ਦੇ ਰਾਹ ਪੈ ਜਾਵੇਗਾ।

ਸਨਅਤਕਾਰ ਗੋਲਡੀ ਸੱਭਰਵਾਲ, ਅਸ਼ੋਕ ਥਾਪਰ, ਭੁਪਿੰਦਰ ਸਿੰਘ, ਅਨਮੋਲ ਜੈਨ ਦਾ ਕਹਿਣਾ ਹੈ ਕਿ ਖਰਚੇ ਬਰਕਰਾਰ ਹਨ, ਪਰ ਆਮਦਨੀ ਅਤੇ ਉਤਪਾਦਨ ਰੁਕਿਆ ਹੋਇਆ ਹੈ। ਪੰਜਾਬ ਤੋਂ ਮਜ਼ਦੂਰਾਂ ਦਾ ਬਹੁਤ ਵੱਡਾ ਤਬਕਾ ਸ਼ਿਫਟ ਹੋ ਰਿਹਾ ਹੈ, ਜਿਸ ਕਰਕੇ ਕੁਝ ਕੁ ਮਜ਼ਦੂਰ ਅਤੇ ਕਾਰੀਗਰ ਹੀ ਰਹਿ ਗਏ ਹਨ। ਦੂਜੇ ਪਾਸੇ ਮਜ਼ਦੂਰ ਬਹੁਤ ਪਰੇਸ਼ਾਨ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਉਹ ਘਰ ਵਾਪਸ ਜਾ ਪਾ ਰਹੇ ਹਨ ਅਤੇ ਨਾ ਹੀ ਉਹ ਪੰਜਾਬ ਵਿੱਚ ਰਹਿੰਦੇ ਹੋਏ ਕੋਈ ਪੈਸਾ ਕਮਾ ਸਕਦੇ ਹਨ। ਪਰਿਵਾਰ ਉਨ੍ਹਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਕ ਪਾਸੇ ਤਾਂ ਸਰਕਾਰ ਨੇ ਫੈਕਟਰੀਆਂ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਹਨ,  ਉੱਥੇ ਹੀ ਦੂਜੇ ਪਾਸੇ ਲੇਬਰ ਨੂੰ ਟਰੇਨਾਂ ਰਾਹੀਂ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਿਆ ਜਾ ਰਿਹਾ ਹੈ ਅਜਿਹੇ ਵਿੱਚ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੀ ਸਨਅਤ ਕਿਵੇਂ ਚੱਲੇਗੀ ਇਹ ਇਕ ਵੱਡਾ ਸਵਾਲ ਹੈ।