ਕਾਂਗਰਸੀ ਪੰਚਾਇਤ ਮੈਂਬਰ ਤੇ ਉਸ ਦੇ ਪਰਿਵਾਰ ‘ਤੇ ਲੱਗੇ ਨਵਵਿਆਹੀ ਨੂੰ ਕੁੱਟਣ ਦੇ ਆਰੋਪ, ਸਿਆਸੀ ਦਬਾਅ ਕਾਰਨ ਪੁਲਿਸ ਨਹੀਂ ਕਰ ਰਹੀ ਕਾਰਵਾਈ

0
1121

ਤਰਨਤਾਰਨ (ਬਲਜੀਤ ਸਿੰਘ) | ਥਾਣਾ ਚੋਹਲਾ ਸਾਹਿਬ ਦੀ ਨਵਵਿਆਹੀ ਬਲਜਿੰਦਰ ਕੌਰ ਦੀ ਉਸ ਦੇ ਸਹੁਰਾ ਪਰਿਵਾਰ ਨੇ ਦਾਜ ਵਿੱਚ ਕਾਰ ਨਾ ਲਿਆਉਣ ਕਾਰਨ ਇੰਨੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਜਾਣਕਾਰੀ ਅਨੁਸਾਰ ਲੜਕੀ ਦਾ ਸਹੁਰਾ ਪੰਚਾਇਤ ਮੈਂਬਰ ਹੈ, ਜਿਸ ਕਾਰਨ ਪੁਲਿਸ ਵੀ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੀ। ਹੱਥ ‘ਚ ਚੂੜਾ ਪਾਈ ਲੜਕੀ ਥਾਣਾ ਚੋਹਲਾ ਸਾਹਿਬ ਖੜ੍ਹੀ ਰੋ ਰਹੀ ਸੀ। ਇਸ ਦਾ ਕਸੂਰ ਸਿਰਫ ਇੰਨਾ ਹੈ ਕਿ ਇਸ ਦੇ ਪਰਿਵਾਰ ਨੇ ਦਾਜ ਵਿੱਚ ਨਵੀਂ ਕਾਰ ਲੈ ਕੇ ਨਹੀਂ ਦਿੱਤੀ, ਮੋਟਰਸਾਈਕਲ ਹੀ ਦਿੱਤਾ, ਜਿਸ ਕਾਰਣ ਇਸ ਦਾ ਸਹੁਰਾ ਪਰਿਵਾਰ ਇਸ ਨੂੰ ਧੱਕੇ ਨਾਲ ਕੁੱਟਮਾਰ ਕਰਦਾ ਥਾਣੇ ਸੁੱਟ ਕੇ ਭੱਜ ਗਿਆ।

ਮੌਕੇ ‘ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੇ ਲੜਕੀ ਦੀ ਕੁੱਟਮਾਰ ਕਰਦਿਆਂ ਕਾਰ ‘ਚੋਂ ਬਾਹਰ ਕੱਢਿਆ, ਜੋ ਖੁਦ ਬਿਆਨ ਕਰ ਰਿਹਾ ਹੈ ਪਰ ਫਿਰ ਵੀ ਸਿਆਸੀ ਦਬਾਅ ਇੰਨਾ ਹੈ ਕਿ ਸਬੰਧਤ ਥਾਣਾ ਮੁਖੀ ਵੱਲੋਂ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਲੜਕੀ ਦੇ ਸਹੁਰੇ ਅਤੇ ਪਤੀ ਨੇ ਆਪਣੇ ‘ਤੇ ਲੱਗੇ ਆਰੋਪਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ।

ਥਾਣੇ ‘ਚ ਬਲਜਿੰਦਰ ਕੌਰ ਪਤਨੀ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਅਜੇ ਸਿਰਫ 5 ਮਹੀਨੇ ਹੀ ਹੋਏ ਹਨ, ਵਿਆਹ ਵਿੱਚ ਮੇਰੇ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਅਤੇ ਇਕ ਮੋਟਰਸਾਈਕਲ ਦਿੱਤਾ ਸੀ ਪਰ ਮੇਰੇ ਸਹੁਰਾ ਪਰਿਵਾਰ ਵੱਲੋਂ ਮੈਨੂੰ ਕੁੱਟਿਆ ਜਾਣ ਲੱਗਾ ਅਤੇ ਨਵੀਂ ਕਾਰ ਦੀ ਮੰਗ ਕੀਤੀ ਜਾਣ ਲੱਗੀ। ਪੀੜਤਾ ਨੇ ਇਨਸਾਫ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਲੜਕੀ ਦੇ ਸਹੁਰਾ ਰੂਪ ਸਿੰਘ ਤੇ ਪਤੀ ਜਗਜੀਤ ਸਿੰਘ ਨੇ ਆਪਣੇ ‘ਤੇ ਲੱਗੇ ਆਰੋਪਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਕੋਈ ਵੀ ਦਾਜ ਜਾਂ ਕਾਰ ਦੀ ਮੰਗ ਨਹੀਂ ਕੀਤੀ ਤੇ ਨਾ ਹੀ ਲੜਕੀ ਨੂੰ ਕੁੱਟਿਆ ਹੈ।

ਉਨ੍ਹਾਂ ਕਿਹਾ ਕਿ ਲੜਕੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤੇ ਉਹ ਇਸ ਨੂੰ ਪੇਕੇ ਘਰ ਛੱਡਣਾ ਚਾਹੁੰਦੇ ਸਨ ਪਰ ਇਸ ਦੇ ਪਰਿਵਾਰ ਨੇ ਇਸ ਨੂੰ ਘਰ ਲਿਆਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਚੋਹਲਾ ਸਾਹਿਬ ਦੇ ਸਰਪੰਚ ਦੀ ਹਾਜ਼ਰੀ ਵਿੱਚ ਲੜਕੀ ਨੂੰ ਸਹੀ-ਸਲਾਮਤ ਪਰਿਵਾਰ ਨੂੰ ਸੌਂਪ ਕੇ ਆਏ ਹਾਂ।

ਥਾਣਾ ਇੰਚਾਰਜ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਲੜਕੀ ਦਾ ਆਪਣੇ ਸਹੁਰਾ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ ਅਤੇ ਮੋਹਤਬਰ ਰਾਜ਼ੀਨਾਮਾ ਕਰਵਾ ਰਹੇ ਹਨ। ਲੜਕੀ ਦੀ ਡਾਕਟਰੀ ਰਿਪੋਰਟ ਆ ਗਈ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

ਭਾਵੇਂ ਮੁੱਖ ਅਫਸਰ ਵੱਲੋਂ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਪਰ ਥਾਣੇ ਦੇ ਐੱਸਐੱਚਓ ਦੇ ਬਿਆਨਾਂ ਵਿੱਚ ਸਿਆਸੀ ਦਬਾਅ ਸਾਫ਼ ਦਿਖਾਈ ਦੇ ਰਿਹਾ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)