ਜਲੰਧਰ | ਲਾਂਬੜਾ ਦੇ ਗਊਸ਼ਾਲਾ ਸੰਚਾਲਕ ਧਰਮਵੀਰ ਧੰਮਾ ਦੀ ਮੰਗਲਵਾਰ ਸਵੇਰੇ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਦਰਅਸਲ ਧੰਮਾ ਨੇ ਸੋਮਵਾਰ ਸਵੇਰੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਨਿਗਲ ਲਿਆ ਸੀ।
ਲਾਈਵ ਹੋ ਕੇ ਖੁਦਕੁਸ਼ੀ ਕਰਨ ਲਈ ਜ਼ਹਿਰ ਪੀਣ ਤੋਂ ਪਹਿਲਾਂ ਉਸ ਨੇ ਹਲਕਾ ਵਿਧਾਇਕ ਤੇ ਸੀਏ ਸਟਾਫ ਜਲੰਧਰ ਦੇ ਇੰਚਾਰਜ ਸਮੇਤ ਕਈ ਕਾਂਗਰਸੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਉਸ ਦੀ ਹਾਲਤ ਗੰਭੀਰ ਸੀ ਤੇ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਫੇਸਬੁੱਕ ’ਤੇ ਲਾਈਵ ਹੋ ਕੇ ਧੰਮਾ ਨੇ ਕਿਹਾ ਸੀ ਕਿ ਉਹ ਲੰਬੇ ਅਰਸੇ ਤੋਂ ਲਾਂਬੜਾ ’ਚ ਇਕ ਗਊਸ਼ਾਲਾ ਚਲਾ ਰਿਹਾ ਹੈ ਤੇ ਉਸ ਨੇ ਗਊਸ਼ਾਲਾ ਦੇ ਨਾਲ ਹੀ ਸ਼੍ਰੀ ਹਨੂੰਮਾਨ ਮੰਦਰ ਦੀ ਉਸਾਰੀ ਵੀ ਕਰਵਾਈ ਹੈ।
ਉਸ ਨੇ ਦੋਸ਼ ਲਾਇਆ ਕਿ ਹਲਕਾ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਸੀਆਈਏ ਸਟਾਫ ਜਲੰਧਰ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਲਾਂਬੜਾ ਵਾਸੀ ਕਾਂਗਰਸੀ ਆਗੂ ਸੰਜੀਵ ਕਾਲਾ, ਸ਼੍ਰੀਰਾਮ ਮੋਹਨ ਅਤੇ ਗੌਤਮ ਮੋਹਨ ਵੱਲੋਂ ਉਸ ਨੂੰ ਲੰਬੇ ਅਰਸੇ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵੱਲੋਂ ਉਸ ਨੂੰ ਗਊਸ਼ਾਲਾ ਅਤੇ ਹਨੂੰਮਾਨ ਮੰਦਰ ਨੂੰ ਬੰਦ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ।
ਇਨ੍ਹਾਂ ਤੋਂ ਤੰਗ ਆ ਕੇ ਹੀ ਉਹ ਜ਼ਹਿਰ ਪੀ ਕੇ ਆਤਮਹੱਤਿਆ ਕਰ ਰਿਹਾ ਹੈ। ਧੰਮਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।