ਜਲੰਧਰ, 30 ਜਨਵਰੀ | ਜਲੰਧਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਮਲਹੋਤਰਾ ਉਰਫ਼ ਮਨੂ ਬੜਿੰਗ ਦਾ ਦੇਰ ਰਾਤ ਅਚਾਨਕ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ‘ਸਾਈਲੈਂਟ ਹਾਰਟ ਅਟੈਕ’ ਕਾਰਨ ਹੋਈ ਹੈ। ਮਨੂ ਬੜਿੰਗ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਨ।
ਮਿਲੀ ਜਾਣਕਾਰੀ ਅਨੁਸਾਰ, ਦੇਰ ਰਾਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਨੂ ਬੜਿੰਗ ਖੁਦ ਰਾਜਨੀਤੀ ਵਿੱਚ ਸਰਗਰਮ ਸਨ ਅਤੇ ਉਨ੍ਹਾਂ ਦੀ ਪਤਨੀ ਪਰਵੀਨਾ ਵੀ ਕੌਂਸਲਰ ਰਹਿ ਚੁੱਕੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਮੌਤ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਜਿਮ ਵਿੱਚ ਕਸਰਤ ਕਰਦਿਆਂ ਦੀ ਵੀਡੀਓ ਸਾਂਝੀ ਕੀਤੀ ਸੀ। ਫਿਟਨੈੱਸ ਦੇ ਸ਼ੌਕੀਨ ਅਤੇ ਰੋਜ਼ਾਨਾ ਵਰਜ਼ਿਸ਼ ਕਰਨ ਵਾਲੇ ਨੌਜਵਾਨ ਆਗੂ ਦੀ ਅਚਾਨਕ ਮੌਤ ਨੇ ਸਭ ਨੂੰ ਸੁੰਨ ਕਰ ਦਿੱਤਾ ਹੈ।
ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਇਸ ਨੂੰ ਪਾਰਟੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਇਲਾਕੇ ਵਿੱਚ ਇਸ ਖ਼ਬਰ ਤੋਂ ਬਾਅਦ ਗ਼ਮ ਦਾ ਮਾਹੌਲ ਹੈ।







































