ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ 2 ਧਿਰਾਂ ‘ਚ ਤਕਰਾਰ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਇਕ-ਦੂਜੇ ‘ਤੇ ਹਮਲਾ

0
1440

ਕਪੂਰਥਲਾ | ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੁਕਾਨ ਦੇ ਕਬਜ਼ੇ ਨੂੰ ਲੈ ਕੇ 2 ਧਿਰਾਂ ਵਿਚਕਾਰ ਹਿੰਸਕ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਪੰਜਵਾਂ ਤਖ਼ਤ ਦੀਆਂ ਦੁਕਾਨਾਂ ਮੌਜੂਦ ਹਨ, ਜਿਸ ਨੂੰ ਲੈ ਕੇ ਇਹ ਵਿਵਾਦ ਹੋਇਆ ਹੈ। ਇਸ ਮੌਕੇ ਨਿਹੰਗ ਸਿੰਘ ਅਤੇ ਦੂਜੀ ਧਿਰ ਆਹਮੋ-ਸਾਹਮਣੇ ਹੋ ਗਈ। ਲੜਾਈ ਦੌਰਾਨ 3 ਮਹਿਲਾਵਾਂ ਅਤੇ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕੁਲਵੰਤ ਕੌਰ ਵੱਲੋਂ ਦੁਕਾਨ ਦਾ ਕਿਰਾਇਆ ਨਹੀਂ ਦਿੱਤਾ ਗਿਆ ਜਦਕਿ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਦੁਕਾਨ ਉਨ੍ਹਾਂ ਦੀ ਕੁੜੀ ਦੇ ਨਾਂ ‘ਤੇ ਹੈ। ਉਨ੍ਹਾਂ ਦਾ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ। ਸਾਰੇ ਕਾਗਜ਼ ਉਨ੍ਹਾਂ ਦੇ ਕੋਲ ਹਨ। ਲੜਾਈ ਦੌਰਾਨ ਦੋਹਾਂ ਧਿਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਅਤੇ ਇਕ ਦੂਜੇ ‘ਤੇ ਹਮਲਾ ਕੀਤਾ ਗਿਆ।

ਇਸ ਮੌਕੇ ‘ਤੇ ਇਕ ਧਿਰ ਵੱਲੋਂ ਪੈਟਰੋਲ ਛਿੜਕ ਕੇ ਦੂਜੀ ਧਿਰ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ । ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।