ਜਲੰਧਰ ਦੇ 55 ਸਾਲ ਪੁਰਾਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਹਾਲਤ ਖ਼ਸਤਾ, ਥਾਂ-ਥਾਂ ਫੈਲੀ ਗੰਦਗੀ

0
4

ਜਲੰਧਰ: ਸ਼ਹਿਰ ਦੇ ਸਭ ਤੋਂ ਪੁਰਾਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਮਾੜੀ ਹਾਲਤ ਸਾਹਮਣੇ ਆਈ ਹੈ। ਸਾਲ 1971 ਵਿੱਚ ਉਦਘਾਟਨ ਹੋਏ ਇਸ ਸਟੇਡੀਅਮ ਵਿੱਚ 22 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇੱਥੇ ਫੁੱਟਬਾਲ, ਹਾਕੀ ਸਮੇਤ ਹੋਰ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਪਰ ਹੁਣ ਸਟੇਡੀਅਮ ਵਿੱਚ ਸਫ਼ਾਈ ਅਤੇ ਰੱਖ-ਰਖਾਅ ਦੇ ਪ੍ਰਬੰਧਾਂ ਦੀ ਘਾਟ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਸਟੇਡੀਅਮ ਦੀ ਦੇਖਭਾਲ ਲਈ ਸਿਰਫ਼ ਇੱਕ ਵਿਅਕਤੀ ਮੌਜੂਦ ਹੈ।

ਇਸ ਸਬੰਧੀ ਕਾਂਗਰਸੀ ਆਗੂ ਅਤੇ ਬੁਲਾਰੇ ਜਗਦੀਪ ਸਿੰਘ ਸੋਨੂੰ ਨੇ ਕਿਹਾ ਕਿ ਇਹ ਪੁਰਾਣਾ ਸਟੇਡੀਅਮ ਹੈ, ਜਿੱਥੇ ਖੇਡ ਕੇ ਕਈ ਖਿਡਾਰੀਆਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੇ ਦੌੜਨ ਵਾਲੇ ਟਰੈਕ ‘ਤੇ ਦੋ-ਦੋ ਫੁੱਟ ਤੱਕ ਘਾਹ ਉੱਗਿਆ ਹੋਇਆ ਹੈ ਅਤੇ ਬਾਥਰੂਮਾਂ ਵਿੱਚ ਵੀ ਸਾਮਾਨ ਟੁੱਟਿਆ ਪਿਆ ਹੈ। ਸਟੇਡੀਅਮ ਵਿੱਚ ਸਫ਼ਾਈ ਦੇ ਢੁੱਕਵੇਂ ਪ੍ਰਬੰਧ ਵੀ ਨਹੀਂ ਹਨ।

ਜਗਦੀਪ ਸਿੰਘ ਸੋਨੂੰ ਨੇ ਕਿਹਾ ਕਿ ਇਸ ਸਟੇਡੀਅਮ ਵਿੱਚ ਰਣਜੀਤ ਸਿੰਘ ਦਿਓਲ ਵਰਗੇ ਖਿਡਾਰੀ ਪਾਵਰ ਲਿਫਟਿੰਗ ਦੀ ਪ੍ਰੈਕਟਿਸ ਕਰਦੇ ਰਹੇ ਹਨ। ਪਹਿਲਾਂ ਇੱਥੇ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਕਰਨ ਵਾਲੇ ਕਰੀਬ 125 ਖਿਡਾਰੀ ਆਉਂਦੇ ਸਨ, ਪਰ ਹੁਣ ਇਹ ਗਿਣਤੀ ਘਟ ਕੇ ਸਿਰਫ਼ 15 ਤੋਂ 20 ਰਹਿ ਗਈ ਹੈ। ਉਨ੍ਹਾਂ ਮੁਤਾਬਕ ਕੋਚਾਂ ਦੀ ਘਾਟ ਕਾਰਨ ਖਿਡਾਰੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਸਟੇਡੀਅਮ ਦੀ ਹਾਲਤ ਹੋਰ ਖ਼ਰਾਬ ਹੋ ਜਾਂਦੀ ਹੈ ਅਤੇ ਲੋਕ ਇੱਥੇ ਸੈਰ ਕਰਨ ਲਈ ਵੀ ਨਹੀਂ ਆਉਂਦੇ। ਸਟੇਡੀਅਮ ਦੀ ਸੀਲਿੰਗ ‘ਤੇ ਤਰੇੜਾਂ ਵੀ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ ਬਣਿਆ ਹੋਇਆ ਹੈ।

ਕਾਂਗਰਸੀ ਆਗੂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਟੇਡੀਅਮ ਦੀ ਸਾਂਭ-ਸੰਭਾਲ ਵੱਲ ਧਿਆਨ ਦਿੱਤਾ ਜਾਵੇ ਅਤੇ ਇਨਡੋਰ ਸਹੂਲਤਾਂ ਵਿੱਚ ਵੀ ਸੁਧਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਲੰਧਰ ਖੇਡਾਂ ਅਤੇ ਖੇਡਾਂ ਦੇ ਸਾਮਾਨ ਲਈ ਦੇਸ਼-ਵਿਦੇਸ਼ ਵਿੱਚ ਜਾਣਿਆ ਜਾਂਦਾ ਹੈ, ਇਸ ਲਈ ਨਵੇਂ ਸਟੇਡੀਅਮਾਂ ਦੇ ਨਾਲ-ਨਾਲ ਪੁਰਾਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਸੰਭਾਲ ਕਰਨਾ ਵੀ ਜ਼ਰੂਰੀ ਹੈ।