ਪਟਿਆਲਾ | ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੰਜਾਬੀ ਯੂਨੀਵਰਸਿਟੀ (PU) ਦੀ ਵੇਟਲਿਫਟਰ ਹਰਜਿੰਦਰ ਕੌਰ ਨੂੰ ਪੀਯੂ ਵਿਚ ਹੀ ਨੌਕਰੀ ਮਿਲੇਗੀ। ਇਹ ਐਲਾਨ ਪੀਯੂ ਦੇ ਵੀਸੀ ਪ੍ਰੋ. ਅਰਵਿੰਦ ਨੇ ਹਰਜਿੰਦਰ ਨੂੰ ਸਨਮਾਨ ਕਰਨ ਮੌਕੇ ਕੀਤਾ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਹਰਜਿੰਦਰ ਕੌਰ ਨੇ ਪੰਜਾਬ ਸਰਕਾਰ ਤੇ ਪੰਜਾਬੀ ਯੂਨੀਵਰਸਿਟੀ ਤੋਂ ਵਧੀਆ ਖੇਡ ਸਹੂਲਤਾਂ ਦੀ ਮੰਗ ਕੀਤੀ। ਇਸ ਸਨਮਾਨ ਸਮਾਰੋਹ ਵਿੱਚ ਹਰਜਿੰਦਰ ਕੌਰ ਦੇ ਮਾਤਾ-ਪਿਤਾ ਕੁਲਦੀਪ ਕੌਰ ਅਤੇ ਸਹਿਬ ਸਿੰਘ ਤੋਂ ਇਲਾਵਾ ਉਸ ਦੇ ਕੋਚ ਪਰਮਜੀਤ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਹਿਲਾਂ ਹੀ 40 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਰਜਿੰਦਰ ਦੇ ਪਿਤਾ ਸਾਹਿਬ ਸਿੰਘ ਪਿੰਡ ਮੀਹਾਂ ਵਿੱਚ ਖੇਤੀ ਕਰਦੇ ਹਨ। ਉਹ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ। ਦੋ ਕਮਰਿਆਂ ਵਾਲੇ ਮਕਾਨ ਵਿੱਚ ਛੇ ਮੈਂਬਰ ਰਹਿੰਦੇ ਹਨ। ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ। ਸਾਹਿਬ ਸਿੰਘ ਕੋਲ ਸਿਰਫ਼ ਇੱਕ ਏਕੜ ਜ਼ਮੀਨ ਸੀ, ਜਿਸ ‘ਤੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ, ਪਰ ਕੁਝ ਸਾਲ ਪਹਿਲਾਂ ਹਰਜਿੰਦਰ ਦੇ ਅਭਿਆਸ, ਖੇਡਾਂ ਦੇ ਸਾਮਾਨ ਤੇ ਪੜ੍ਹਾਈ ਜਾਰੀ ਰੱਖਣ ਲਈ ਜ਼ਮੀਨ ਵੇਚਣੀ ਪਈ ਸੀ।








































