ਪੰਜਾਬ ਸਮੇਤ ਭਾਰਤ ਦੇ ਕਈ ਸ਼ਹਿਰਾਂ ‘ਚ ਸੀਤ ਲਹਿਰ ਦਾ ਅਲਰਟ ਜਾਰੀ

0
20243

ਚੰਡੀਗੜ੍ਹ | ਪੰਜਾਬ ‘ਚ ਠੰਡ ਦਾ ਵਾਧਾ ਲਗਾਤਾਰ  ਜਾਰੀ ਹੈ। ਮੌਸਮ ਵਿਭਾਗ ਨੇ ਭਾਰਤ ਤੇ ਕਈ ਸੂਬਿਆਂ ‘ਚ  ਜਿਵੇ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਦੇ ਵੱਖੋ-ਵੱਖਰੇ ਇਲਾਕਿਆਂ ’ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ’ਚ ਮੀਂਹ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਐਤਵਾਰ ਨੂੰ ਦੁਪਹਿਰ ਨੂੰ ਬੱਦਲ ਆਏ, ਜੋ ਕਿ ਮਾਝਾ, ਦੋਆਬਾ, ਪੁਆਧ ’ਚ ਕਈ ਥਾਵਾਂ ਉੱਤੇ ਤੇ ਮਾਲਵਾ ਦੇ ਵੀ ਕੁਝ ਇਲਾਕਿਆਂ ’ਤੇ ਵਰ੍ਹੇ।

ਲੁਧਿਆਣਾ, ਮੋਗਾ, ਪਟਿਆਲਾ, ਫ਼ਰੀਦਕੋਟ ਸਮੇਤ ਮਾਲਵਾ ਦੇ ਕੁਝ ਜ਼ਿਲ੍ਹਿਆਂ ਵਿੱਚ ਸ਼ਾਮੀਂ ਛੇ ਵਜੇ ਤੋਂ ਬਾਅਦ ਹਲਕੀ ਤੇ ਦਰਮਿਆਨੀ ਵਰਖਾ ਹੋਈ। ਬਠਿੰਡਾ ਸੁੱਕਾ ਰਿਹਾ। ਇੱਥੇ ਸੂਬੇ ਦਾ ਤਾਪਮਾਨ ਸਭ ਤੋਂ ਵੱਧ 6.6 ਡਿਗਰੀ ਰਿਹਾ। ਪਠਾਨਕੋਟ 3.7 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਪਟਿਆਲਾ ’ਚ ਘੱਟੋ-ਘੱਟ ਤਾਪਮਾਨ 3.9 ਡਿਗਰੀ, ਲੁਧਿਆਣਾ ’ਚ 4.2, ਚੰਡੀਗੜ੍ਹ ’ਚ 4.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਅੰਮ੍ਰਿਤਸਰ ’ਚ ਦਿਨ ਵੇਲੇ ਕੜਾਕੇ ਦੀ ਠੰਢ ਰਹੀ। ਉੱਥੇ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਚਾਰ ਡਿਗਰੀ ਦਾ ਫ਼ਰਕ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 9 ਡਿਗਰੀ ਸੈਲਸੀਅਸ ਘੱਟ ਸੀ, ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ ਸੀ।

ਸੰਘਣੀ ਧੁੰਦ ਦੇ ਨਾਲ ਨਾਲ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸਥਾਨਾਂ ਉੱਤੇ ਐਤਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ।