ਗੁਰਦਾਸਪੁਰ, 2 ਦਸੰਬਰ | ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਹਨ। ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਗੁਰਦਾਸਪੁਰ ਵਿਖੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਨਵੇਂ ਬੱਸ ਸਟੈਂਡ ਨੇੜੇ ਇੰਪਰੂਵਮੈਂਟ ਟਰੱਸਟ ਗਰਾਊਂਡ ਵਿਚ ਲੱਗੇ ਪੰਡਾਲ ਵਿਚ ਪੁੱਜੇ, ਜਿਥੇ ਉਹ ਜਲਦੀ ਹੀ ਗੁਰਦਾਸਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਜਾ ਰਹੇ ਹਨ।
CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਵਿਚ 1854 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨਾਲ ਗੁਰਦਾਸਪੁਰ ਅਤੇ ਨਾਲ ਦੇ ਇਲਾਕਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। CM ਮਾਨ ਸੀਐਨਜੀ ਪ੍ਰੋਜੈਕਟ, ਖੰਡ ਮਿੱਲ, ਸਰਕਾਰੀ ITI ਗੁਰਦਾਸਪੁਰ ਦੇ ਲੋਕਾਂ ਨੂੰ ਸੌਂਪਣਗੇ। ਕੇਜਰੀਵਾਲ ਅਤੇ CM ਮਾਨ ਦੇ ਸਵਾਗਤ ਲਈ 25 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਲਈ ਗੁਰਦਾਸਪੁਰ ਪੁਲਿਸ ਨੇ ਆਲੇ-ਦੁਆਲੇ ਦੇ ਜ਼ਿਲਿਆਂ ਤੋਂ ਵੀ ਪੁਲਿਸ ਬੁਲਾ ਲਈ ਹੈ। ਨਾਲ ਹੀ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀ ਟਰੈਫਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਨੇੜੇ ਪਿੰਡ ਸੈਦ ਮੁਬਾਰਕ ਤੋਂ ਸ੍ਰੀ ਹਰਿਗੋਬਿੰਦਪੁਰ, ਮੁਕੇਰੀਆਂ ਅਤੇ ਟਾਂਡਾ ਵੱਲ ਮੋੜ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲਾ ਪੁਲ ਰਾਹੀਂ ਮੁਕੇਰੀਆਂ ਰਾਹੀਂ ਪਠਾਨਕੋਟ ਵੱਲ ਮੋੜ ਦਿੱਤਾ ਗਿਆ ਹੈ।