ਬਠਿੰਡਾ, 5 ਦਸੰਬਰ | ਜ਼ਿਲੇ ਦੇ ਨੇੜੇ ਤਲਵੰਡੀ ਸਾਬੋ ਨੇੜੇ ਰਾਤ ਕਰੀਬ 1 ਵਜੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ 3 ਐਸਐਚਓ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਵਿਚ ਐਸਐਚਓ ਗੁਰਵੀਰ ਸਿੰਘ, ਦਲਜੀਤ ਸਿੰਘ ਅਤੇ ਜਸਵੀਰ ਸਿੰਘ ਸ਼ਾਮਲ ਹਨ। ਪੁਲਿਸ ਨੇ ਝੜਪ ਦੌਰਾਨ ਕੁਝ ਕਿਸਾਨਾਂ ਨੂੰ ਵੀ ਫੜ ਲਿਆ। ਸਥਿਤੀ ਵਿਗੜਦੀ ਦੇਖ ਕੇ ਹੋਰ ਪੁਲਿਸ ਬਲ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਅੱਧੀ ਰਾਤ ਨੂੰ ਸੜਕ ’ਤੇ ਟਰੱਕਾਂ ਆਦਿ ’ਤੇ ਸਫ਼ਰ ਕਰ ਰਹੇ ਕਿਸਾਨਾਂ ਨੂੰ ਵੀ ਰੋਕ ਕੇ ਹੇਠਾਂ ਉਤਾਰਿਆ। ਕਈ ਵਾਹਨਾਂ ਦੇ ਨੁਕਸਾਨੇ ਜਾਣ ਦੀ ਵੀ ਖ਼ਬਰ ਹੈ।
ਦਰਅਸਲ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹੁਣ ਬਠਿੰਡਾ ‘ਚ ਗੁਜਰਾਤ ਤੋਂ ਜੰਮੂ ਤੱਕ ਵਿਛਾਈ ਜਾ ਰਹੀ ਗੈਸ ਪਾਈਪ ਲਾਈਨ ਦਾ ਅਧੂਰਾ ਕੰਮ ਪੂਰਾ ਕਰਨ ਲਈ ਐਕਸ਼ਨ ਮੋਡ ‘ਚ ਆ ਗਿਆ ਹੈ। ਤਲਵੰਡੀ ਸਾਬੋ ਬਲਾਕ ਦੇ ਪਿੰਡਾਂ ਤੋਂ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਕਿਸਾਨ ਹੋਰ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕੰਮ ਸ਼ੁਰੂ ਨਹੀਂ ਹੋਣ ਦੇ ਰਹੇ ਹਨ। ਇਸ ਲਈ ਕੰਪਨੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਹੈ।
ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ਨੂੰ ਹੋਣੀ ਹੈ। ਇਸ ਕਾਰਨ ਪ੍ਰਸ਼ਾਸਨ ਨੇ ਹੁਣ ਕੰਮ ਸ਼ੁਰੂ ਕਰ ਦਿੱਤਾ ਹੈ। ਕੱਲ ਸਵੇਰੇ ਜਦੋਂ ਪ੍ਰਸ਼ਾਸਨ ਦੀ ਟੀਮ ਪਾਈਪ ਲਾਈਨ ਵਿਛਾਉਣ ਲਈ ਪਿੰਡ ਲੇਲੇਵਾਲਾ ਪੁੱਜੀ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਨੇ 15 ਦੇ ਕਰੀਬ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ।
ਇਸ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਹਰ ਵੀਰਵਾਰ ਨੂੰ ਪਿੰਡ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪਿੰਡਾਂ ਵਿਚ ਕੁਝ ਕਿਸਾਨ ਘੱਟ ਤੇ ਕੁਝ ਜ਼ਿਆਦਾ ਮੁਆਵਜ਼ਾ ਦੇਣ ਦੀ ਗੱਲ ਕਰ ਰਹੇ ਹਨ। ਜਦੋਂਕਿ ਕੰਪਨੀ ਨੇ ਕਿਸਾਨਾਂ ਦੀ ਸਹਿਮਤੀ ਦਾ ਦਾਅਵਾ ਕਰਦਿਆਂ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਪਾਈਪਲਾਈਨ ਵਿਛਾਉਣ ਵਿਚ ਪ੍ਰਸ਼ਾਸਨ ਅਤੇ ਪੁਲਿਸ ਕੰਪਨੀ ਨਾਲ ਸਹਿਯੋਗ ਕਰਨ।
ਦੂਜੇ ਪਾਸੇ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪਾਈਪ ਲਾਈਨ ਵਿਛਾਉਣ ਵਾਲੀ ਕੰਪਨੀ ਖੇਤ ਮਾਲਕਾਂ ਅਤੇ ਕਿਸਾਨਾਂ ਨੂੰ ਘੱਟ ਮੁਆਵਜ਼ਾ ਦੇ ਰਹੀ ਹੈ। ਕੰਪਨੀ ਅਧਿਕਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਲਿਖਤੀ ਸਮਝੌਤਾ ਕਰ ਕੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਕੰਪਨੀ ਵਾਅਦੇ ਤੋਂ ਮੁਕਰ ਰਹੀ ਹੈ। ਕੰਪਨੀ ਨੂੰ ਸਾਰੇ ਕਿਸਾਨਾਂ ਨੂੰ ਬਰਾਬਰ ਮੁਆਵਜ਼ਾ ਦੇਣਾ ਚਾਹੀਦਾ ਹੈ। ਕਈਆਂ ਨੂੰ ਮੁਆਵਜ਼ਾ ਜ਼ਿਆਦਾ ਅਤੇ ਕੁਝ ਨੂੰ ਘੱਟ ਦਿੱਤਾ ਜਾ ਰਿਹਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)