ਮੁੱਖ ਮੰਤਰੀ ਮਾਨ ਕ੍ਰਿਕਟਰ ਜੱਸਇੰਦਰ ਸਿੰਘ ਨੂੰ ਲਿਆਏ ਸਾਹਮਣੇ, ਸਾਬਕਾ ਸੀਐਮ ਚੰਨੀ ਦੇ ਭਾਣਜੇ ਵੱਲੋਂ ਨੌਕਰੀ ਬਦਲੇ 2 ਕਰੋੜ ਮੰਗਣ ਦੇ ਇਲਜ਼ਾਮ

0
203

ਚੰਡੀਗੜ੍ਹ। ਪਿਛਲੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਇਕ ਕਿੱਸਾ ਸਾਂਝਾ ਕੀਤਾ ਸੀ ਕਿ ਪੰਜਾਬ ਦੇ ਇਕ ਖਿਡਾਰੀ ਨੇ ਧਰਮਸ਼ਾਲਾ ਵਿਚ ਹੋ ਰਹੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰੀ ਨੌਕਰੀ ਦਿਵਾਉਣ ਬਦਲੇ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜ਼ਰੀਏ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।

ਇਸੇ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ ਕਿ ਚੰਨੀ ਸਾਬ੍ਹ ਆਪ ਹੀ ਆਪਣੀ ਗਲਤੀ ਮੰਨ ਲੈਣ ਨਹੀਂ ਤਾਂ ਉਹ ਉਸੇ ਕ੍ਰਿਕਟਰ ਨੂੰ ਕੈਮਰੇ ਸਾਹਮਣੇ ਲੈ ਕੇ ਆਉਣਗੇ। ਤੇ ਹੁਣ ਜਦੋਂ ਚੰਨੀ ਨੂੰ ਦਿੱਤਾ ਟਾਈਮ ਪੂਰਾ ਹੋ ਗਿਆ ਹੈ ਤਾਂ ਸੀਐਮ ਮਾਨ ਉਸੇ ਕ੍ਰਿਕਟਰ ਨੂੰ ਕੈਮਰੇ ਸਾਹਮਣੇ ਲੈ ਕੇ ਲਾਈਵ ਹੋਏ।

ਕੈਮਰੇ ਮੂਹਰੇ ਕ੍ਰਿਕਟਰ ਜਸਇੰਦਰ ਸਿੰਘ ਤੇ ਉਸਦੇ ਪਿਤਾ ਨੇ ਇਹ ਗੱਲ ਮੰਨੀ ਕਿ ਉਹ ਸਾਬਕਾ ਮੁੱਖ ਮੰਤਰੀ ਚੰਨੀ ਕੋਲ ਨੌਕਰੀ ਲਈ ਗਏ ਸਨ ਤੇ ਚੰਨੀ ਸਾਬ੍ਹ ਦੇ ਭਾਣਜੇ ਨੇ ਉਨ੍ਹਾਂ ਕੋਲੋਂ ਨੌਕਰੀ ਬਦਲੇ 2 ਕਰੋੜ ਰੁਪਏ ਮੰਗੇ ਸਨ। ਕ੍ਰਿਕਟਰ ਜੱਸਇੰਦਰ ਦੇ ਪਿਤਾ ਨੇ ਮੁੱਖ ਮੰਤਰੀ ਦੀ ਮੌਜੂਦਗੀ ਸਾਰੇ ਦਸਤਾਵੇਜ਼ ਤੇ ਹੋਮ ਮਨਿਸਟਰੀ ਵਲੋਂ ਆਏ ਜਵਾਬਾਂ ਦੀ ਫਾਈਲ ਵੀ ਦਿਖਾਈ, ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਹੈ।

ਹੁਣ ਦੇਖਣਾ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇਸ ਮਾਮਲੇ ਉਤੇ ਕੀ ਕਹਿੰਦੇ ਹਨ।

ਜ਼ਿਕਰਯੋਗ ਹੈ ਕਿ ਜੱਸਇੰਦਰ ਨਾਂ ਦਾ ਇਹ ਕ੍ਰਿਕਟਰ ਇਕ ਸਪਿਨ ਗੇਂਦਬਾਜ਼ ਹੈ ਤੇ ਉਹ ਪੰਜਾਬ ਵਲੋਂ ਰਣਜੀ ਟਰਾਫੀ ਲਈ ਖੇਡਦਾ ਰਿਹਾ ਹੈ। ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸਨ ਤਾਂ ਉਸ ਵੇਲੇ ਉਸਨੇ ਆਪਣੇ ਪਿਤਾ ਜੀ ਨਾਲ ਜਾ ਕੇ ਮੁੱਖ ਮੰਤਰੀ ਤੱਕ ਖੇਡ ਕੋਟੇ ਵਿਚ ਨੌਕਰੀ ਲਈ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਚੰਨੀ ਨੇ ਉਨ੍ਹਾਂ ਨੂੰ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ ਸੀ, ਜਿਥੇ ਚੰਨੀ ਦੇ ਭਾਣਜੇ ਉਤੇ ਇਲਜ਼ਾਮ ਹਨ ਕਿ ਉਸਨੇ ਕ੍ਰਿਕਟਰ ਜੱਸਇੰਦਰ ਤੇ ਉਸਦੇ ਪਿਤਾ ਜੀ ਕੋਲੋਂ ਨੌਕਰੀ ਬਦਲੇ ਦੋ ਕਰੋੜ ਮੰਗੇ ਸਨ। ਹਾਲਾਂਕਿ ਚੰਨੀ ਸਾਬ੍ਹ ਨੇ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਇਸ਼ ਮਾਮਲੇ ਤੋਂ ਇਨਕਾਰ ਕੀਤਾ ਸੀ।