ਦੇਹਲੀ ‘ਤੇ ਜੱਗਦਾ ਦੀਵਾ – ਡੀਸੀ ਵਰਿੰਦਰ ਕੁਮਾਰ ਸ਼ਰਮਾ

0
1500

ਪੰਜਾਬੀ ਬੁਲੇਟਿਨ | ਜਲੰਧਰ

ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਕੋਰੋਨਾ ਦੇ ਦਿਨਾਂ ‘ਚ ਲੋਕਾਂ ਲਈ ਕੰਮ ਕਰਦਿਆਂ ਆਮ ਹੀ ਵੇਖਿਆ ਜਾ ਸਕਦਾ ਹੈ। ਵਰਿੰਦਰ ਸ਼ਰਮਾ ਸਰਕਾਰੀ ਸਕੂਲ ਤੋਂ ਪੜ੍ਹਾਈ ਕਰਕੇ ਪੰਜਾਬੀ ਵਿਚ ਆਈਏਐੱਸ ਕਰਨ ਵਾਲੇੇ ਪਹਿਲੇ ਅਫ਼ਸਰ ਹਨ। ਕਹਾਣੀਕਾਰ ਤੇ ਕਵੀ ਮੱਖਣ ਮਾਨ ਨੇ ਵਰਿੰਦਰ ਸ਼ਰਮਾ ਬਾਰੇ ਇਕ ਵਿਅਕਤੀ ਚਿੱਤਰ ਲਿਖਿਆ ਹੈ। ਇਸ ਰਾਹੀ ਵਰਿੰਦਰ ਸ਼ਰਮਾ ਨੂੰ ਹੋਰ ਗਹਿਰਾਈ ਨਾਲ ਸਮਝਿਆ ਜਾ ਸਕਦਾ ਹੈ। ਵਿਅਕਤੀ ਚਿੱਤਰ ਸਾਹਿਤ ਦੀ ਇਕ ਵਿਧਾ ਹੈ ਜਿਸ ‘ਚ ਕਿਸੇ ਸ਼ਖ਼ਸ ਦੀਆਂ ਖੂਬੀਆਂ ਨੂੰ ਸ਼ਬਦਾਂ ‘ਚ ਪਰੋਇਆ ਜਾਂਦਾ ਹੈ।

ਦੇਹਲੀ ‘ਤੇ ਜੱਗਦਾ ਦੀਵਾ

ਉਸਦੇ ਮੱਥੇ ‘ਚ ਜੱਗਦਾ ਦੀਵਾ
ਸਿਰਫ ਚਿੰਤਨ ਦੀ ਲੋਅ ਹੀ ਨਹੀਂ ਬਣਿਆ ਸੀ
ਖੂਸ਼ਬੂ ਵਾਂਗ ਫੈਲਿਆ ਵੀ ਸੀ ਫਿਜ਼ਾ ‘ਚ
ਉਸ ਨੇ ਬਹੁਤ ਸਾਰੀਆਂ ਬੰਦ ਪਈਆਂ ਖਿੜਕੀਆਂ ਦੇ
ਜਾਲੇ ਵੀ ਸਾਫ਼ ਕੀਤੇ ਸਨ
ਭਰਮ ਵੀ ਦੂਰ ਕੀਤੇ ਸਨ
ਇਕ ਲੀਕ ਵੀ ਵਾਹੀ ਸੀ
ਤੇ ਬਹੁਤ ਸਾਰੀਆਂ ਲੀਕਾਂ ਨੂੰ ਜਨਮ ਵੀ ਦਿੱਤਾ ਸੀ
ਉਹ ਘਰੋਂ ਤੁਰਿਆ ਤਾਂ ਕੱਲਾ ਹੀ ਸੀ
ਪਰ ਵੇਖਦੇ ਹੀ ਵੇਖਦੇ ਕਾਫਲਾ ਵੀ
ਤੁਰ ਪਿਆ ਸੀ ਉਸ ਦੇ ਮਗਰ-ਮਗਰ
ਉਸ ਕੋਲ ਮਿਹਨਤ ਸੀ
ਲਗਨ ਸੀ
ਸੁਹਿਰਦਤਾ ਸੀ
ਅੱਥਰੇ ਘੋੜੇ ਦੀਆਂ ਬਾਗਾਂ ਨੂੰ ਫੜ੍ਹਨ ਦਾ ਹੁਨਰ ਵੀ
ਉਹ ਮਾਂ ਬੋਲੀ ਦਾ ਕੋਈ ਸੌਦਾਈ ਬੰਦਾ ਹੀ ਸੀ
ਜਿਸਨੇ ਇਹ ਸਾਬਿਤ ਕਰ ਵਿਖਾਇਆ ਸੀ
ਕੋਈ ਵੀ ਭਾਸ਼ਾਂ ਮਾਂ ਬੋਲੀ ਤੋਂ ਸਿਆਣੀ ਤੇ ਗੁਣਵਾਨ ਨਹੀਂ ਹੁੰਦੀ
ਫਰਕ ਸਿਰਫ ਨਜ਼ਰੀਏ ਦਾ ਹੁੰਦਾ ਹੈ
ਜਾਂ ਦ੍ਰਿਸ਼ਟੀ ਕੋਣ ਦਾ
ਉਸਨੇ ਅੰਗਰੇਜ਼ੀ ਭਾਸ਼ਾਂ ਦੀ ਵੱਜਦੀ ਤੂਤੀ ਨੂੰ
ਵੰਗਾਰਿਆ ਹੀ ਨਹੀਂ ਸੀ
ਚੈਲਿੰਜ ਵੀ ਕਬੂਲਿਆ ਸੀ
ਤੇ ਆਪਣੀ ਮਾਤਭਾਸ਼ਾਂ ਵਿਚ
ਸਭ ਤੋਂ ਮੁਸ਼ਕਿਲ ਇਮਤਿਹਾਨ
ਪਾਸ ਹੀ ਨਹੀਂ ਕੀਤਾ ਸੀ
ਮੋਹਰਲੀ ਕਤਾਰ ‘ਚ ਖੜਾ ਵੀ ਕੀਤਾ ਸੀ ਆਪਣੇ ਆਪ ਨੂੰ
ਦਰਅਸਲ ਉਹ ਰਿਗਵੇਦ ਦੀ ਧਰਤੀ ਦਾ ਪੁੱਤਰ ਹੈ
ਤਾਂਹੀ ਤਾਂ ਉਸਦੇ ਅਵਚੇਤਨ ‘ਚ ਦਿਸ਼ਾ ਹੈ
ਫਲਸਫਾ ਹੈ
ਸਲੀਕਾ ਹੈ
ਉਹ ਸਮੇਂ ਦੀ ਅੱਖ ‘ਚ ਅੱਖ ਪਾਕੇ
ਗਿਆਨ ਦਾ ਚਿਰਾਗ ਬਾਲਦਾ ਹੈ
ਚੇਤਨਾ ਦੇ ਚਿਤਰ ਵਾਹੁੰਦਾ ਹੈ
ਦਿਲ ਦੀ ਆਵਾਜ਼ ‘ਚੋ ਸੇਧ ਲੈਂਦਾ ਹੈ
ਸਾਂਤ ਲਹਿਰਾ ਦੇ ਨਾਲ ਨਾਲ ਤੁਰਦਾ ਹੈ
ਉਹ ਉਮਾਹ ਦਾ ਸੀਤ ਚਸ਼ਮਾ ਹੈ
ਉਹ ਇਕੋ ਸਮੇਂ ਸ਼ਾਮ ਹੈ
ਰਾਤ ਹੈ
ਸਰਘੀ ਹੈ
ਉਹ ਸੂਰਜ ਵਾਂਗ ਉਦੇ ਹੁੰਦਾ ਹੈ
ਤੇ ਚੰਨ ਵਾਂਗ ਫੈਲ ਜਾਂਦਾ ਹੈ
ਉਸਦੀ ਸੋਚ ‘ਚ ਜਪੁਜੀ ਹੈ,ਰਹਿਰਸ ਹੈ
ਮਨ ਦੀ ਕੰਧਾਂ ਤੇ ਆਇਤਾ ਉੱਕਰੀਆਂ ਨੇ
ਰਾਹਾਂ ‘ਚ ਉਪਨਿਸ਼ਦ ਨੇ
ਖਿਆਲਾਂ ‘ਚ ਬਾਈਬਲ ਹੈ
ਉਹ ਧਰਤੀ ਦਾ ਉਹ ਬੀਜ ਹੈ
ਜਿਸ ਲਈ ਹਰ ਬੰਜਰ ਜ਼ਮੀਨ ਜ਼ਰਖੇਜ਼ ਹੋ ਜਾਂਦੀ ਹੈ
ਉਹ ਰੁੱਖਾਂ ਵਾਂਗ ਸੋਚਦਾ ਹੈ
ਦਰਿਆ ਵਾਂਗ ਵਹਿੰਦਾ ਹੈ
ਆਜੀਬ ਹੈ ਉਹ ਰੱਬ ਦਾ ਬੰਦਾ
ਜਿਸਨੂੰ ਮੈਂ ਜਿਨ੍ਹਾਂ ਵੀ ਜਾਨਣਾ ਚਾਹਿਆ
ਉਸਦਾ ਘੇਰਾ ਮੇਰੀ ਜ਼ਾਰੀਬ ਦੇ ਮੇਚੇ ਨਹੀਂ ਆਇਆ
ਮੇਰੇ ਕੋਲ ਕਲਪਨਾ ਹੈ
ਜਿਸ ਦੇ ਜ਼ਰਿਏ
ਉਸਦੇ ਸੁਪਨਿਆਂ ਦੇ ਨਾਲ-ਨਾਲ
ਭਾਵਾਂ ,ਖਿਆਲਾਂ,ਰੰਗਾਂ ‘ਚ ਰੰਗਿਆ ਉਸ ਦਾ
ਆਸਤਿੱਤਵ ਵੇਖਣਾ ਹੈ
ਉਹ ਮੈਨੂੰ ਕਿਸੇ ਪੀਰ ਦੀ ਦੇਹਲੀ ਤੇ ਜਗਦੈ ਦੀਵਾ ਪਿਆ ਜਾਪੇ
ਮੇਰੇ ਕੋਲ ਸ਼ਬਦ ਹੀ ਤਾਂ ਹਨ
ਜਿਸਦੇ ਜ਼ਰੀਏ
ਮੈਂ ਪੰਘੂੜੇ ‘ਚ ਬੈਠਾ ਉਸਦੇ ਵਿਹੜੇ ਚੜ੍ਹਦੇ ਸੂਰਜ ਨੂੰ ਵੇਖ ਸਕਦਾ
ਇਹ ਸ਼ਬਦ ਹੀ ਤਾਂ ਹਨ
ਜਿਸ ਦੇ ਕੱਦ ਕਾਠ ਅੱਗੇ ਖੌਲਦਾ ਸਮੁੰਦਰ ਸ਼ਾਂਤ ਹੈ
ਇਹ ਸ਼ਬਦ ਹੀ ਤਾਂ ਹਨ
ਜਿਸ ਦੇ ਸਪਰਸ ਨਾਲ ਮੈਂ ਕਵਿਤਾ ਦੇ ਹਾਣ ਦਾ ਹੋ ਗਿਆ ਹਾਂ
ਇਹ ਸ਼ਬਦ ਹੀ ਤਾਂ ਹਨ ਜਿਸ ਨਾਲ
ਮੈਂ ਉਸਦੇ ਪੈਰਾਂ ਦੀ ਦਿਸ਼ਾ ਨਾਪ ਸਕਦਾ
ਅਨੁਵਾਦ ਕਰ ਸਕਦਾ
ਅਨੁਪਾਤ ਕਰ ਸਕਦੈ
ਉਹ ਰੇਤ ‘ਚ ਉੱਗਿਆ ਨਾਰੀਅਲ ਦਾ ਰੁੱਖ ਹੈ ਕੋਈ
ਬਾਗ ‘ਚ ਟਹਿਕਦਾ ਫੁੱਲ ਹੈ
ਜਿਸਦੀਆਂ ਕਥਾਵਾਂ ਪਰੀ ਲੋਕ ‘ਚ ਨਹੀਂ
ਲੋਕ ਮਨਾਂ ‘ਚ ਵੱਸੀਆਂ ਨੇ
ਦਫਤਰੀ ਫਾਇਲਾਂ ‘ਚ ਉਹ ਭੈਰੋ ਹੈ
ਵੇਖਣ ਤੋਂ ਇਵੇਂ ਜਿਵੇਂ ਖਲਾਅ ‘ਚ ਸ਼ੂੰਨ ਪਸਰ ਜਾਵੇ
ਮੈਂ ਉਸਦੀ ਕਥਾ ਨੂੰ ਏਨਾ ਕੁ ਜਾਣਿਆ ਹੈ
ਜਿਵੇਂ ਕੋਈ ਕਮਲਾ ਬੰਦਾ ਭਰੀ ਮਹਿਫਲ ‘ਚ
ਜੱਬਲੀਆਂ ਮਾਰਦਾ ਆਪਣੇ ਆਪ ਤੋਂ ਭੱਜ ਜਾਵੇ।

(ਮੱਖਣ ਮਾਨ ਪੇਸ਼ੇੇ ਵਜੋਂ ਪਟਵਾਰੀ ਹਨ। ਉਹਨਾਂ ਨੂੰ ਅਕਸਰ ਡੀਸੀ ਨੂੰ ਨੇੜਿਓ ਜਾਣਨ ਦਾ ਮੌਕਾ ਮਿਲਦਾ ਰਹਿੰਦਾ ਹੈ। ਮੱਖਣ ਮਾਨ ਨਾਲ 94172-07627 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)