ਅੰਮ੍ਰਿਤਸਰ, 16 ਨਵੰਬਰ | ਅਟਾਰੀ-ਵਾਘਾ ਬਾਰਡਰ ਤੇ ਹਰ ਸ਼ਾਮ ਹੋਣ ਵਾਲੀ ਮਸ਼ਹੂਰ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਵੱਡੀ ਤਬਦੀਲੀ ਕੀਤੀ ਹੈ। ਖੇਤਰ ਵਿੱਚ ਵਧ ਰਹੀ ਠੰਢ ਅਤੇ ਮੌਸਮ ਦੀਆਂ ਬਦਲਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਤਾਂ ਜੋ ਸੈਲਾਨੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਬੀਐਸਐਫ ਅਧਿਕਾਰੀਆਂ ਮੁਤਾਬਕ ਹੁਣ ਸੈਲਾਨੀ ਸ਼ਾਮ 4:30 ਵਜੇ ਤੋਂ 5:00 ਵਜੇ ਤੱਕ ਰਿਟਰੀਟ ਸੈਰੇਮਨੀ ਦਾ ਦੀਦਾਰ ਕਰ ਸਕਣਗੇ।
ਪਹਿਲਾਂ ਇਸ ਸੈਰੇਮਨੀ ਦਾ ਸਮਾਂ ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਨਿਰਧਾਰਿਤ ਸੀ।
ਸਮੇਂ ਵਿੱਚ ਕੀਤੀ ਗਈ ਇਸ ਤਬਦੀਲੀ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਹਜ਼ਾਰਾਂ ਸੈਲਾਨੀ ਹੁਣ ਠੰਢ ਦੇ ਮੌਸਮ ਵਿੱਚ ਹੋਣ ਵਾਲੀ ਇਸ ਸ਼ਾਨਦਾਰ ਅਤੇ ਰੋਮਾਂਚਕ ਸੈਰੇਮਨੀ ਦਾ ਵਧੀਆ ਅਨੁਭਵ ਲੈ ਸਕਣਗੇ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਠੰਢ ਦੇ ਮੌਸਮ ਨੂੰ ਵੇਖਦੇ ਹੋਏ ਇਹ ਨਵਾਂ ਸਮਾਂ ਫਿਲਹਾਲ ਲਾਗੂ ਰਹੇਗਾ, ਅਤੇ ਜੇਕਰ ਲੋੜ ਪਈ ਤਾਂ ਅੱਗੇ ਵੀ ਮੌਸਮ ਅਨੁਸਾਰ ਸਮੇਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ।








































