ਚੰਡੀਗੜ੍ਹ : ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ ਦੀ ਮਹਿਲਾ ਪ੍ਰਿੰਸੀਪਲ ਨੇ ਉਸੇ ਸਕੂਲ ਦੇ ਇਕ ਅਧਿਆਪਕ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਦੀ ਧਮਕੀ ਦਿੱਤੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀ ਪਹੁੰਚ ਗਏ ਹਨ। ਪ੍ਰਿੰਸੀਪਲ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਅਪਾਹਜ ਹੋਣ ਦੇ ਤਾਅਨਿਆਂ ਤੋਂ ਦੁਖੀ ਹੋ ਕੇ ਅਪਾਹਜ ਪੁਰਸ਼ ਅਧਿਆਪਕ ਨੇ ਸਿੱਖਿਆ ਸਕੱਤਰ ਪੂਰਵਾ ਗਰਗ ਤੇ ਡਾਇਰੈਕਟਰ ਸਕੂਲ ਸਿੱਖਿਆ ਨੂੰ ਸ਼ਿਕਾਇਤ ਕੀਤੀ ਹੈ।
ਸ਼ਿਕਾਇਤਕਰਤਾ ਅਧਿਆਪਕ ਨੇ ਦੱਸਿਆ ਕਿ ਪ੍ਰਿੰਸੀਪਲ ਉਸ ਨੂੰ ਅਪਾਹਜ ਹੋਣ ਦਾ ਤਾਅਨਾ ਮਾਰਦੀ ਹੈ। ਅਧਿਆਪਕ ਦਾ ਦੋਸ਼ ਹੈ ਕਿ ਮਹਿਲਾ ਪ੍ਰਿੰਸੀਪਲ ਉਸ ਨੂੰ ਧਰਤੀ ‘ਤੇ ਬੋਝ ਅਤੇ ਪਰਿਵਾਰ ਲਈ ਮੁਸੀਬਤ ਦੱਸਦੀ ਹੈ। ਵਿਰੋਧ ਕਰਨ ‘ਤੇ ਮਹਿਲਾ ਪ੍ਰਿੰਸੀਪਲ ਨੇ ਉਸ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਦੀ ਧਮਕੀ ਦਿੱਤੀ ਹੈ। ਅਧਿਆਪਕ ਨੇ ਦੱਸਿਆ ਕਿ ਉਹ ਇਸ ਸਕੂਲ ਵਿੱਚ 12 ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਸਕੂਲ ਦੇ ਨਤੀਜੇ ਤੋਂ ਲੈ ਕੇ ਕਿਸੇ ਹੋਰ ਮਾਮਲੇ ‘ਚ ਕਦੇ ਕੋਈ ਸ਼ਿਕਾਇਤ ਨਹੀਂ ਆਈ, ਪਰ ਅੰਗਹੀਣ ਹੋਣ ਕਾਰਨ ਪ੍ਰਿੰਸੀਪਲ ਉਸ ਨੂੰ ਲਗਾਤਾਰ ਤਾਅਨੇ ਮਾਰਦੀ ਰਹਿੰਦੀ ਹੈ, ਜਿਸ ਦਾ ਵਿਰੋਧ ਕਰਨ ’ਤੇ ਪਹਿਲਾਂ ਪ੍ਰਿੰਸੀਪਲ ਨੇ ਉਸ ਤੋਂ ਉਸ ਦਾ ਮੋਬਾਈਲ ਖੋਹ ਲਿਆ ਤੇ ਉਸ ਤੋਂ ਬਾਅਦ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਫਸਾਉਣ ਦੀ ਧਮਕੀ ਦਿੱਤੀ।