ਦਿੱਲੀ, 1 ਫਰਵਰੀ| ਅੱਜ ਯਾਨੀ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2024-25 ਦਾ ਬਜਟ ਪੇਸ਼ ਕਰ ਰਹੀ ਹੈ। ਇਹ ਅੰਤਰਿਮ ਬਜਟ ਹੈ, ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੁਲਾਈ ‘ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਸੀਤਾਰਮਨ ਦੇ ਕਾਰਜਕਾਲ ਦਾ ਇਹ ਛੇਵਾਂ ਬਜਟ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਵਿੱਤੀ ਘਾਟਾ 5.1 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਖਰਚਾ 44.90 ਕਰੋੜ ਰੁਪਏ ਹੈ ਅਤੇ ਅਨੁਮਾਨਿਤ ਮਾਲੀਆ 30 ਲੱਖ ਕਰੋੜ ਰੁਪਏ ਹੈ। ਇਨਕਮ ਟੈਕਸ ਕੁਲੈਕਸ਼ਨ 10 ਸਾਲਾਂ ‘ਚ ਤਿੰਨ ਗੁਣਾ ਵਧਿਆ ਹੈ। ਅਸੀਂ ਟੈਕਸ ਦੀ ਦਰ ਘਟਾ ਦਿਤੀ ਹੈ। 7 ਲੱਖ ਰੁਪਏ ਤਕ ਆਮਦਨ ਵਾਲੇ ਲੋਕਾਂ ‘ਤੇ ਕੋਈ ਟੈਕਸ ਨਹੀਂ ਹੈ।
2025-2026 ਤਕ ਘਾਟਾ ਹੋਰ ਘਟਾਇਆ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਫਿਲਹਾਲ ਇਨਕਮ ਟੈਕਸ ਦਾਤਾਵਾਂ ਨੂੰ ਕੋਈ ਰਾਹਤ ਨਹੀਂ ਦਿਤੀ ਗਈ ਹੈ। ਇਨਕਮ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ। ਰਿਫੰਡ ਵੀ ਜਲਦੀ ਜਾਰੀ ਕੀਤੇ ਜਾਂਦੇ ਹਨ। ਜੀਐਸਟੀ ਕੁਲੈਕਸ਼ਨ ਦੁੱਗਣੀ ਹੋ ਗਈ ਹੈ। ਜੀਐਸਟੀ ਨਾਲ ਅਸਿੱਧੇ ਟੈਕਸ ਪ੍ਰਣਾਲੀ ਨੂੰ ਬਦਲਿਆ ਗਿਆ ਹੈ।